ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਦਸੰਬਰ
ਫੂਡ ਲਾਇਬ੍ਰੇਰੀ ਨਾਂ ਦੀ ਕੰਪਨੀ ਵੱਲੋਂ ਇੱਥੇ ਅਰਬਨ ਹਾਟ ਫੂਡ ਕੋਰਟ ਦੇ ਨਾਂ ’ਤੇ ਫੂਡ ਸਟਰੀਟ ਅੱਜ ਲੋਕਾਂ ਲਈ ਖੋਲ੍ਹ ਦਿੱਤੀ ਗਈ। ਇਸ ਫੂਡ ਸਟਰੀਟ ਵਿੱਚ ਕੌਮਾਂਤਰੀ ਅਤੇ ਕੌਮੀ ਪੱਧਰ ਦੀਆਂ ਖਾਧ ਪਦਾਰਥ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਆਪਣੇ ਸਟਾਲ ਸਥਾਪਤ ਕੀਤੇ ਹਨ।
ਫੂਡ ਲਾਇਬ੍ਰੇਰੀ ਦੇ ਮਾਰਕੀਟਿੰਗ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਫੂਡ ਸਟਰੀਟ ਨੂੰ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ ਅਤੇ ਪਹਿਲੇ ਦਿਨ ਲੋਕਾਂ ਦੀ ਤਸੱਲੀਬਖ਼ਸ਼ ਆਮਦ ਹੋਈ। ਸ਼ਹਿਰ ਵਾਸੀਆਂ ਕੋਲੋਂ ਚੰਗੇ ਹੁੰਗਾਰੇ ਦੀ ਉਮੀਦ ਕਰਦਿਆਂ ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪਹਿਲੇ ਪੜਾਅ ਵਿੱਚ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਦਸ ਵੱਡੇ ਬਰਾਂਡ ਇੱਥੇ ਆਏ ਹਨ। ਜਲਦੀ ਹੀ ਸਥਾਨਕ ਲਜੀਜ਼ ਖਾਣੇ ਵੀ ਇੱਥੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਫੂਡ ਸਟਰੀਟ ਵਿਚ ਛੱਤ ਹੇਠਾਂ ਲੋਕਾਂ ਨੂੰ ਹਰ ਤਰ੍ਹਾਂ ਦਾ ਭੋਜਨ ਅਤੇ ਖਾਣ-ਪੀਣ ਦਾ ਮਿਆਰੀ ਸਾਮਾਨ ਉਪਲਬਧ ਹੋਵੇਗਾ। ਅਗਲੇ ਪੜਾਅ ਵਿਚ ਇੱਕ ਹੋਟਲ ਸ਼ੁਰੂ ਕਰਨ ਦੀ ਯੋਜਨਾ ਹੈ। ਬਠਿੰਡਾ ਦੀ ਇਸ ਕੰਪਨੀ ਵਲੋਂ ਪਹਿਲਾਂ ਬਠਿੰਡਾ ਵਿਚ ਇਸੇ ਤਰਜ ’ਤੇ ਫੂਡ ਸਟਰੀਟ ਸ਼ੁਰੂ ਕੀਤੀ ਗਈ ਹੈ।
ਇਹ ਫੂਡ ਸਟਰੀਟ ਅਰਬਨ ਹਾਟ ਇੱਥੇ ਸਦੀ ਤੋਂ ਵਧੇਰੇ ਪੁਰਾਣੀ ਇਮਾਰਤ ਵਿਚ ਸ਼ੁਰੂ ਕੀਤੀ ਗਈ ਹੈ। ਇਹ ਇਮਾਰਤ ਅੰਗਰੇਜ਼ਾਂ ਦੇ ਵੇਲੇ ਵਿਕਟੋਰੀਆ ਜੁਬਲੀ ਹਸਪਤਾਲ (ਵੀ.ਜੇ. ਹਸਪਤਾਲ) ਵਜੋਂ ਬਣਾਈ ਗਈ ਸੀ, ਜਿਸ ਨੂੰ ਆਜ਼ਾਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਹਸਪਤਾਲ ਦਾ ਨਾਂ ਦਿੱਤਾ ਗਿਆ। ਇਸ ਹਸਪਤਾਲ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਤਬਦੀਲ ਕੀਤੇ ਜਾਣ ਮਗਰੋਂ ਇਹ ਪੁਰਾਤਨ ਇਮਾਰਤ ਖੰਡਰ ਬਣ ਰਹੀ ਸੀ। ਅਕਾਲੀ ਭਾਜਪਾ ਸਰਕਾਰ ਵੇਲੇ ਇਸ ਇਮਾਰਤ ਨੂੰ ਪੁਰਾਤਨ ਸਰੂਪ ਵਿੱਚ ਸੰਭਾਲਿਆ ਗਿਆ ਅਤੇ ਇਥੇ ਲਾਹੌਰ ਦੀ ਤਰਜ਼ ’ਤੇ ਫੂਡ ਸਟਰੀਟ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਲੱਗਪਗ ਸਾਢੇ ਚਾਰ ਏਕੜ ਰਕਬੇ ਵਿਚ ਬਣੀਆਂ ਇਹ ਇਮਾਰਤਾਂ ਇਸ ਕੰਪਨੀ ਨੂੰ 30 ਸਾਲਾਂ ਲਈ ਪਟੇ ’ਤੇ ਦਿੱਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ 2016 ਵਿਚ ਅਕਾਲੀ ਸਰਕਾਰ ਵੱਲੋਂ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਸਥਾਨਕ ਖਾਣ ਪੀਣ ਦਾ ਸਾਮਾਨ ਤਿਆਰ ਕਰਨ ਵਾਲੇ ਕਈ ਵਪਾਰੀਆਂ ਨੂੰ ਨਾਲ ਜੋੜਿਆ ਸੀ। ਕੁਝ ਸਟਾਲ ਸ਼ੁਰੂ ਕੀਤੇ ਗਏ ਸਨ ਪਰ ਉਸ ਵੇਲੇ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ ਸੀ। ਫੂਡ ਲਾਇਬ੍ਰੇਰੀ ਦੇ ਆਗੂ ਪਦਮਜੀਤ ਸਿੰਘ ਮਹਿਤਾ ਨੇ ਉਮੀਦ ਪ੍ਰਗਟਾਈ ਹੈ ਕਿ ਕਰੋਨਾ ਕਾਲ ਖ਼ਤਮ ਹੋਣ ਮਗਰੋਂ ਫੂਡ ਸਟਰੀਟ ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ।