ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜਨਵਰੀ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਪਿੰਗਲਵਾੜਾ ਸੰਸਥਾ ਦਾ ਦੌਰਾ ਕੀਤਾ ਅਤੇ ਕੁੱਝ ਸਮਾਂ ਪਿੰਗਲਵਾੜਾ ਦੇ ਮਰੀਜ਼ਾਂ ਤੇ ਬੱਚਿਆਂ ਨਾਲ ਬਿਤਾਇਆ। ਸ੍ਰੀਮਤੀ ਗੁਲਾਟੀ ਦਾ ਪਿੰਗਲਵਾੜਾ ਪੁੱਜਣ ’ਤੇ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੀ ਮੁਖੀ ਡਾ ਇੰਦਰਜੀਤ ਕੌਰ ਨੇ ਆਖਿਆ ਕਿ ਸਰਕਾਰਾਂ ਨੇ ਬੇਸਹਾਰਾ ਬੱਚਿਆਂ ਅਤੇ ਔਰਤਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸੰਜੀਦਾ ਹੋਣਾ ਚਾਹੀਦਾ ਹੈ ਪਰ ਸਰਕਾਰਾਂ ਇਨਾਂ ਮਸਲਿਆਂ ਨੂੰ ਅਣਗੌਲਿਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਗਪਗ ਡੇਢ ਲੱਖ ਬੱਚੇ ਗੂੰਗੇ ਤੇ ਬੋਲੇ ਹਨ। ਇਨ੍ਹਾਂ ਬੱਚਿਆਂ ਲਈ 22 ਸਕੂਲ ਸਵੇ ਸੇਵੀ ਜਥੇਬੰਦੀਆਂ ਚਲਾ ਰਹੀਆਂ ਹਨ, ਜਿਨਾਂ ਵਿਚੋਂ ਪੰਜ ਸਕੂਲ ਪਿੰਗਲਵਾੜਾ ਵਲੋਂ ਚਲਾਏ ਜਾ ਰਹੇ ਹਨ। ਇਸ ਮੌਕੇ ਸੰਸਥਾ ਦੇ ਆਗੂ ਡਾ ਜਗਦੀਪਕ ਸਿੰਘ, ਸ੍ਰੀ ਰਾਜਬੀਰ ਸਿੰਘ, ਹਰਜੀਤ ਸਿੰਘ, ਗੁਲਸ਼ਨ ਰੰਜਨ, ਵਿਜੇ ਕੁਮਾਰ, ਮੋਹਨ ਕੁਮਾਰ ਹਾਜ਼ਰ ਸਨ।
ਗੂੰਗੇ ਬੋਲੇ ਬੱਚਿਆਂ ਲਈ ਪੰਜਾਬ ’ਚ ਸਕੂਲ ਖੋਲ੍ਹਣ ਦੀ ਮੰਗ
ਪਿੰਗਲਵਾੜਾ ਸੰਸਥਾ ਨੇ ਮੁਖ ਮੰਤਰੀ ਨੂੰ ਪੱਤਰ ਭੇਜ ਕੇ ਗੂੰਗੇ ਬੋਲੇ ਬੱਚਿਆਂ ਲਈ ਸਕੂਲ ਬਣਾਉਣ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅਜਿਹੇ ਬੱਚਿਆਂ ਲਈ ਸਕੂਲਾਂ ਦਾ ਯੋਗ ਪ੍ਰਬੰਧ ਕਰਨ ਤੇ ਹਰ ਬੱਚੇ ਨੂੰ ਮੁਫਤ ਵਿਦਿਆ ਦੇਣ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੀ ਮੰਗ ਕੀਤੀ ਹੈ।