ਲਖਨਪਾਲ ਸਿੰਘ
ਮਜੀਠਾ, 10 ਜੁਲਾਈ
ਪਿੰਡ ਨੰਗਲ ਪੰਨਵਾਂ ਦੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਸੋਹਣ ਲਾਲ ਨੇ ਥਾਣਾ ਮਜੀਠਾ ਵਿੱਚ ਸ਼ਿਕਾਇਤ ਦਰਜ ਕਰਾਉਦਿਆਂ ਦੱਸਿਆ ਕਿ ਪਿੰਡ ਨਾਗਖੁਰਦ ਦੇ ਵਸਨੀਕ ਮਨਦੀਪ ਸਿੰਘ ਨੇ ਉਸ ਦੇ ਪੁੱਤਰ ਰਾਘਵ ਸ਼ਰਮਾ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਡੇਢ ਲੱਖ ਰੁਪਏ ਠੱਗੇ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤਰ ਨੇ ਬੀਤੀ ਰਾਤ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ ਹੈ। ਪੁਲੀਸ ਨੇ ਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਅੱਜ ਮ੍ਰਿਤਕ ਦੇ ਪਿਤਾ ਸੋਹਣ ਲਾਲ ਤੇ ਉਸ ਦੇ ਪਰਿਵਾਰਿਕ ਮੈਂਬਰਾ ਵਲੋਂ ਥਾਣਾ ਮਜੀਠਾ ਅੱਗੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਧਾਰਨਾਕਾਰੀਆਂ ਨੇ ਦੋਸ਼ ਲਾਇਆ ਕਿ ਰਾਘਵ ਸ਼ਰਮਾ ਤੇ ਉਸ ਦੇ ਚਾਚੇ ਦਾ ਲੜਕਾ ਅਕਾਸ਼ ਚੰਦਰ 1 ਜੁਲਾਈ ਨੂੰ ਆਪਣੇ ਨਾਲ ਵੱਜੀ ਠੱਗੀ ਦੀ ਮਨਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਗਏ, ਉਥੇ ਮੌਜੂਦ ਪੁਲੀਸ ਮੁਲਾਜ਼ਮ ਨੇ ਨੇ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਮੰਗ ਕੀਤੀ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡੀਐੱਸਪੀ ਮਜੀਠਾ ਮਨਮੋਹਣ ਸਿੰਘ ਔਲਖ ਨੇ ਧਰਨਾਕਾਰੀਆਂ ਦੀ ਮੰਗ ’ਤੇ ਪੁਲੀਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਵਾ ਕੇ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਣ ਬਾਅਦ ਧਰਨਾਕਾਰੀਆਂ ਨੇ ਆਵਾਜਾਈ ਬਹਾਲ ਕੀਤੀ।