ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਨਵੰਬਰ
ਯੁਵਕ ਸੇਵਾਵਾਂ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚਾਰ ਰੋਜ਼ਾ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। ਅੱਜ ਦੂਜੇ ਦਿਨ ਲੋਕ-ਗੀਤ, ਗਜ਼ਲ, ਕਲਾਸੀਕਲ ਇੰਟਰੂਮੈਂਟਲ ਤਾਲ ਅਤੇ ਕਲਾਸੀਕਲ ਇਨਸਟਰੂਮੈਂਟਲ ਦੇ ਮੁਕਾਬਲੇ ਕਰਵਾਏ ਗਏ।
ਯੁਵਕ ਮੇਲੇ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਹੁੰਦੇ ਹਨ ਅਤੇ ਨੌਜਵਾਨ ਵਿਦਿਆਰਥੀ ਇਨ੍ਹਾਂ ਯੁਵਕ ਮੇਲਿਆਂ ਵਿੱਚੋਂ ਕਾਫ਼ੀ ਕੁਝ ਨਵਾਂ ਸਿੱਖਦੇ ਹਨ, ਜੋ ਕਿ ਭਵਿੱਖ ਵਿੱਚ ਉਨ੍ਹਾਂ ਦੇ ਕੰਮ ਆਉਂਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
16 ਵੱਖ-ਵੱਖ ਯੂਨੀਵਰਸਿਟੀਆਂ ਤੋਂ ਪਹੁੰਚੇ ਵਿਦਿਆਰਥੀਆਂ ਵਿੱਚ ਵਧੇਰੇ ਦੀ ਪੇਸ਼ਕਾਰੀ ਲੋਕ-ਨਾਇਕ ‘ਮਿਰਜ਼ੇ’ ਦੁਆਲੇ ਕੇਂਦਰਿਤ ਰਹੀ। ਵੱਖ-ਵੱਖ ਟੀਮਾਂ ਵੱਲੋਂ ਮਿਰਜ਼ੇ ਨਾਲ ਜੁੜੇ ਵੱਖ-ਵੱਖ ਪ੍ਰਸੰਗਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਦਸਮੇਸ਼ ਆਡੀਟੋਰੀਅਮ ਦੀ ਸਟੇਜ ’ਤੇ ਇਕਾਂਗੀ ਮੁਕਾਬਲੇ ਕਰਵਾਏ ਗਏ। ਰਾਜ ਭਰ ਦੀਆਂ ਯੂਨੀਵਰਸਿਟੀਆਂ ਵੱਲੋਂ ਇਕਾਂਗੀ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ। ਆਰਕੀਟੈਕਚਰ ਵਿਭਾਗ ਵਿੱਚ ਲਲਿਤ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੌਕੇ ’ਤੇ ਚਿੱਤਰਕਾਰੀ ਵਿੱਚ ਹਿੱਸਾ ਲਿਆ, ਮੈਗਜ਼ੀਨਾਂ ਦੇ ਕਾਗਜ਼ਾਂ ਦਾ ਕੋਲਾਜ ਬਣਾਇਆ, ਪੋਸਟਰ ਅਤੇ ਮਿੱਟੀ ਨਾਲ ਕਲੇਅ ਮਾਡਲਿੰਗ ਕੀਤੀ, ਕਾਰਟੂਨਿੰਗ ਰਾਹੀਂ ਸਮਾਜ ਦੇ ਵੱਖ-ਵੱਖ ਰੰਗ ਪੇਸ਼ ਕੀਤੇ, ਖੂਬਸੂਰਤ ਰੰਗੋਲੀਆਂ ਤੋਂ ਇਲਾਵਾ ਸਟਿਲ ਲਾਈਫ, ਮਹਿੰਦੀ ਅਤੇ ਮੌਕੇ ’ਤੇ ਫੋਟੋਗ੍ਰਾਫੀ ਵਿਚ ਭਾਗੀਦਾਰਾਂ ਨੇ ਰੰਗਲੇ ਪੰਜਾਬ ਦੇ ਖੂਬਸੂਰਤ ਦ੍ਰਿਸ਼ ਪੇਸ਼ ਕੀਤੇ।
ਇਕ ਮੰਚ ’ਤੇ ਲਘੂ ਚਲਚਿਤਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਯੁਵਕ ਸੇਵਾਵਾਂ ਵਿਭਾਗ ਵੱਲੋਂ ਉਲੀਕੇ ਇਸ 4 ਰੋਜ਼ਾ ਯੁਵਕ ਮੇਲੇ ਦੌਰਾਨ ਮੰਚ ਸੰਚਾਲਨ ਤੋਂ ਲੈ ਕੇ ਖਾਣ-ਪੀਣ, ਰਿਹਾਇਸ਼ ਆਦਿ ਸਭ ਪ੍ਰਬੰਧ ਕੀਤੇ ਗਏ।