ਮਨਮੋਹਨ ਢਿੱਲੋਂ
ਅੰਮ੍ਰਿਤਸਰ, 7 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ। ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੇਨਿਊ, ਅੰਮ੍ਰਿਤਸਰ ਨੇ ਪਹਿਲਾ ਸਥਾਨ, ਖ਼ਾਲਸਾ ਕਾਲਜ ਆਫ ਐਜੂਕੇਸ਼ਨ ਮੇਨ ਰੋਡ, ਅੰਮ੍ਰਿਤਸਰ ਨੇ ਦੂਜਾ ਅਤੇ ਸਰਕਾਰੀ ਐਜੂਕੇਸ਼ਨ ਕਾਲਜ, ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਓਵਰਆਲ ਚੈਂਪੀਅਨਸ਼ਿਪ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਪ੍ਰੋ. ਅਨੀਸ਼ ਦੂਆ ਨੇ ਟਰਾਫੀਆਂ ਪ੍ਰਦਾਨ ਕੀਤੀਆਂ। ਇਸ ਸਮੇਂ ਉਨ੍ਹਾਂ ਦੇ ਨਾਲ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।
ਪ੍ਰੋ. ਦੂਆ ਨੇ ਵਿਦਿਆਰਥੀਆਂ ਨੂੰ ਮੁਖਾਤਬਿ ਹੁੰਦਿਆਂ ਕਿਹਾ ਕਿ ਜੀਵਨ ਚੜ੍ਹਦੀ ਕਲਾ ਦਾ ਨਾਂ ਹੈ। ਉਨ੍ਹਾਂ ਕਿਹਾ ਕਿ ਕੋਈ ਚੀਜ਼ ਅਜਿਹੀ ਨਹੀਂ, ਜੋ ਸਾਡਾ ਉਤਸ਼ਾਹ ਘੱਟ ਕਰ ਸਕੇ ਪਰ ਜੇਕਰ ਅਸੀਂ ਆਪਣੇ ਮਨ ਦੀ ਸਾਕਾਰਾਤਮਕ ਦਿਸ਼ਾ ਨੂੰ ਛੱਡ ਨਾਂਹਪੱਖੀ ਸੋਚ ਦੇ ਧਾਰਨੀ ਬਣ ਜਾਂਦੇ ਹਾਂ ਤਾਂ ਸਾਡੇ ਪੱਲੇ ਹਾਰ ਅਤੇ ਨਿਰਾਸ਼ਾ ਪੈਣੀ ਸੁਭਾਵਿਕ ਹੈ।