ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਅਕਤੂਬਰ
ਇਥੇ ਲੋਕ ਮੋਰਚਾ ਪੰਜਾਬ ਨੇ ਸੂਬੇ ਵਿੱਚ ਫ਼ਿਰਕੂ ਸ਼ਕਤੀਆਂ ਵੱਲੋਂ ਤਣਾਅ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਪੰਜਾਬੀਆਂ ਨੂੰ ਅਜਿਹੀਆਂ ਸ਼ਕਤੀਆਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੋਰਚੇ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਹੋ ਰਹੇ ਕਥਿਤ ਦੁਰ ਪ੍ਰਚਾਰ ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਮੋਰਚੇ ਦੇ ਸੀਨੀਅਰ ਆਗੂ ਜਗਮੇਲ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਜਾਰੀ ਸਾਂਝੇ ਬਿਆਨ ’ਚ ਆਖਿਆ ਕਿ ਪੰਜਾਬ ਦੇ ਲੋਕ ਸਾਂਝੀਵਾਲਤਾ ਦੇ ਮੁਦੱਈ ਹਨ। ਸਾਂਝੇ ਲੋਕ ਸੰਘਰਸ਼ਾਂ ਰਾਹੀਂ ਇਹ ਸਾਂਝੀਵਾਲਤਾ ਹੋਰ ਪ੍ਰਫੁੱਲਤ ਹੋਣ ਵੱਲ ਵਧੀ ਹੈ ਅਤੇ ਕਿਸਾਨ ਅੰਦੋਲਨ ਨੂੰ ਸਮਾਜ ਦੇ ਹਰ ਵਰਗ ਵੱਲੋਂ ਹਮਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਨੇ ਲੋਕਾਂ ਦੀਆਂ ਧਾਰਮਿਕ ਵੰਡਾਂ ਤੋਂ ਉੱਪਰ, ਉਨ੍ਹਾਂ ਦੀ ਜੋਟੀ ਉਸਾਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਹਨ। ਅਜਿਹੇ ਆਗੂ ਅਤੇ ਜਥੇਬੰਦੀਆਂ ਫ਼ਿਰਕਾਪ੍ਰਸਤ ਅਨਸਰਾਂ ਲਈ ਉਨ੍ਹਾਂ ਦੇ ਮਨਸੂਬਿਆਂ ਵਿੱਚ ਵੱਡਾ ਅੜਿੱਕਾ ਹਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਫ਼ਿਰਕਾਪ੍ਰਸਤੀ ਨੂੰ ਸ਼ਹਿ ਦੇ ਕੇ ਸੱਤਾ ਵਿੱਚ ਆਈ ਸੀ ਅਤੇ ਇਸ ਨੂੰ ਸ਼ਹਿ ਦੇ ਕੇ ਹੁਣ ਆਪਣੀ ਉਮਰ ਵਧਾਉਣਾ ਚਾਹੁੰਦੀ ਹੈ। ਆਗੂਆਂ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਤਕੜੇ ਹੋ ਕੇ ਫ਼ਿਰਕਾਪ੍ਰਸਤੀ ਖ਼ਿਲਾਫ਼ ਨਿੱਤਰਨ ਅਤੇ ਆਪਣੇ ਧਾਰਮਿਕ ਅਕੀਦਿਆਂ ਅਤੇ ਜਜ਼ਬਾਤਾਂ ਨੂੰ ਹਕੂਮਤੀ ਮਨਸੂਬਿਆਂ ਦੀ ਭੇਟ ਚੜ੍ਹਨ ਤੋਂ ਰੋਕਣ ਲਈ ਸੁਚੇਤ ਹੋਣ।