ਸ਼ਗਨ ਕਟਾਰੀਆ
ਬਠਿੰਡਾ, 15 ਅਕਤੂਬਰ
ਇੱਥੇ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਵਿਖੇ ਨਾਟਿਅਮ ਬਠਿੰਡਾ ਵੱਲੋਂ ਕਰਵਾਏ ਗਏ 15 ਰੋਜ਼ਾ 10ਵੇਂ ਕੌਮੀ ਨਾਟਕ ਮੇਲੇ ਦੇ ਅੰਤਿਮ ਦਿਨ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕਕਾਰ ਪਾਲੀ ਭੁਪਿੰਦਰ ਦੇ ਲਿਖ਼ੇ ਨਾਟਕ ‘ਮੈਂ ਭਗਤ ਸਿੰਘ’ ਨੂੰ ਵੇਖਣ ਲਈ ਲਾ-ਮਿਸਾਲ ਗਿਣਤੀ ’ਚ ਦਰਸ਼ਕ ਪਹੁੰਚੇ ਅਤੇ ਉਨ੍ਹਾਂ ਪੂਰੀ ਸ਼ਿੱਦਤ ਨਾਲ ਇਸ ਸ਼ਾਹਕਾਰ ਪੇਸ਼ਕਾਰੀ ਦਾ ਆਨੰਦ ਮਾਣਿਆ। ਇਸ ਨਾਟਕ ਵਿੱਚ ਇੱਕ ਗਰੀਬ ਦੇ ਚਾਹ ਦੇ ਖੋਖੇ ’ਤੇ ਕੰਮ ਕਰਨ ਵਾਲਾ ਬੱਚਾ ਭਗਤ ਸਿੰਘ ਬਾਰੇ ਲਿਖ਼ੇ ਸਾਹਿਤ ਨੂੰ ਪੜ੍ਹਦਾ ਹੋਇਆ ਖੁਦ ਹੀ ਭਗਤ ਸਿੰਘ ਬਣਨ ਦਾ ਸੁਪਨਾ ਵੇਖਦਾ ਹੈ ਅਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਅਮੀਰ ਹੱਥੋਂ ਗਰੀਬ ਦੀ ਲੁੱਟ ਵਿਰੁੱਧ ਆਵਾਜ਼ ਚੁੱਕਦਾ ਹੈ। ਇਸ ਨਾਟਕ ਵਿੱਚ ਗੁਰਨੂਰ, ਨਵੀ ਸਰਾਂ, ਬਲਵਿੰਦਰ ਮਾਹਲ, ਬਿਕਰਮਜੀਤ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਕੌਰ, ਵਾਨੀ ਗੋਇਲ, ਅਸ਼ੀਸ਼ ਬਾਤਿਸ਼, ਅੰਕੁਸ਼ ਗਰਗ, ਅਮਨਦੀਪ ਕੌਰ ਮਾਨ, ਗੁਰਮੀਤ ਧੀਮਾਨ, ਸਰਤਾਜ ਸਿੰਘ, ਮਨਰਾਜ ਸਿੰਘ, ਹਰਮਨਪ੍ਰੀਤ, ਸਿਕੰਦਰ ਸਿੰਘ, ਰਾਜੀਵ ਲਹੂਆ, ਜਗਮੇਲ ਸਿੰਘ, ਅਮਰਜੋਤ ਸਿੰਘ, ਮਾਸਟਰ ਕਰਨ ਧਨੋਆ, ਮਾਸਟਰ ਵਾਰਿਸ ਮਾਹਲ ਅਤੇ ਮੇਕ-ਅੱਪ ਆਰਟਿਸਟ ਸੁਰਿੰਦਰ ਸੋਹਣਾ ਵੱਲੋਂ ਮਿਲ ਕੇ ਨਾਟਕ ਪੇਸ਼ ਕੀਤਾ ਗਿਆ। ਮੇਲੇ ਦੇ ਆਖ਼ਰੀ ਦਿਨ ਉੱਘੇ ਪੰਜਾਬੀ ਲੇਖਕ ਤੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਅਤੇ ਬਰਾੜ ਅੱਖਾਂ ਦੇ ਹਸਪਤਾਲ ਤੋਂ ਡਾ. ਪੀਐਸ ਬਰਾੜ ਨੇ ਵਿਸ਼ੇਸ਼ ਸ਼ਿਰਕਤ ਕਰਦਿਆਂ ਬਠਿੰਡਾ ਦੀ ਧਰਤੀ ’ਤੇ ਕੌਮੀ ਨਾਟਕ ਮੇਲੇ ਦੇ ਸਫ਼ਲ ਪ੍ਰਬੰਧਨ ਲਈ ਨਾਟਿਅਮ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਪਰਿਵਾਰ ਸਮੇਤ ਬਠਿੰਡਾ ਦੇ ਏਡੀਸੀ ਪਰਮਵੀਰ ਸਿੰਘ, ਆਈਏਐਸ, ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ ਅਤੇ ਡਿਪਟੀ ਡੀਈਓ ਇਕਬਾਲ ਸਿੰਘ ਬੁੱਟਰ ਵੀ ਮੌਜੂਦ ਸਨ। ਨਾਟਿਅਮ ਦੇ ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਸੈਕਟਰੀ ਸੁਰਿੰਦਰ ਕੌਰ ਨੇ ਮੇਲੇ ਨੂੰ ਸਫ਼ਲ ਬਣਾਉਣ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ।