ਮਨੋਜ ਸ਼ਰਮਾ
ਬਠਿੰਡਾ, 16 ਜਨਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬਾ ਸਰਕਾਰ ਵੱਲੋਂ ਕਰੋਨਾਵਾਇਰਸ ਮਹਾਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਸ਼ੁਰੂ ਕੀਤੇ ਗਏ ਟੀਕਾਕਰਨ ਪ੍ਰੋਗਰਾਮ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਵਿਚ ਆਸ ਦੀ ਨਵੀਂ ਕਿਰਨ ਜਾਗੀ ਹੈ।
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਕੋਵਿਡ ਵੈਕਸੀਨ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਸੂਬੇ ਦੇ ਆਮ ਲੋਕਾਂ ਦੀ ਨਰੋਈ ਸਿਹਤ ਲਈ ਜਲਦੀ ਤੇ ਸਸਤੀ ਵੈਕਸੀਨ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸ੍ਰੀ ਬਾਦਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਏ ਵਰਚੁਅਲ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਟੀਕਾਕਰਨ ਅਤੇ ਰਾਸ਼ਨ ਡਿੱਪੂਆਂ ਦੀ ਅਲਾਟਮੈਂਟ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਵਿੱਤ ਮੰਤਰੀ ਦੀ ਮੌਜੂਦਗੀ ਵਿਚ ਸਿਵਲ ਹਸਪਤਾਲ ’ਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਬਠਿੰਡਾ ਏਮਜ਼ ਦੇ ਕਾਰਜਕਾਰੀ ਡਾਇਰੈਕਟਰ ਡਾ. ਡੀ.ਕੇ. ਸਿੰਘ ਤੇ ਦੂਸਰਾ ਟੀਕਾ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਲਗਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਵਿੱਤ ਮੰਤਰੀ ਸ੍ਰੀ ਬਾਦਲ ਨੇ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ’ਚ ਕੋਵਿਡ ਵੈਕਸੀਨ ਆਮ ਮੈਡੀਕਲ ਸਟੋਰਾਂ ’ਤੇ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਕੋਈ ਵੀ ਇਸ ਟੀਕੇ ਤੋਂ ਵਾਂਝਾ ਨਾ ਰਹੇ। ਇਸ ਦੌਰਾਨ ਡੀਸੀ ਬੀ ਸ੍ਰੀਨਿਵਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਡਰ ਤੋਂ ਵੈਕਸੀਨ ਲਗਵਾਉਣ ਤੇ ਹੋਰਨਾਂ ਵਿਅਕਤੀਆਂ ਨੂੰ ਵੀ ਪ੍ਰੇਰਿਤ ਕਰਨ। ਉੱਧਰ, ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ. ਡੀ.ਕੇ. ਸਿੰਘ ਵੱਲੋਂ ਵੈਕਸੀਨ ਦੇ ਫਾਇਦਿਆਂ ਬਾਰੇ ਦੱਸਣ ਦੇ ਬਾਵਜੂਦ ਮੁਹਿੰਮ ਨੂੰ ਮੱਠਾ ਹੁੰਗਾਰਾ ਮਿਲਿਆ।
ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਵੈਕਸੀਨ ਦਾ ਬਾਈਕਾਟ ਜਾਰੀ
ਅੱਜ ਜ਼ਿਲ੍ਹੇ ਵਿਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਆਗਾਜ਼ ਕੀਤਾ ਗਿਆ ਪਰ ਮਲਟੀਪਰਪਜ਼ ਹੈਲਥ ਵਰਕਰਜ਼ (ਮੇਲ ਤੇ ਫੀਮੇਲ) ਯੂਨੀਅਨ ਨੇ ਕਰੋਨਾ ਵੈਕਸੀਨੇਸ਼ਨ ਦਾ ਬਾਈਕਾਟ ਕੀਤਾ। ਕੱਲ੍ਹ ਉਕਤ ਯੂਨੀਅਨ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਉਦੋਂ ਤੱਕ ਟੀਕਾ ਨਹੀਂ ਲਗਵਾਉਣਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਯੂਨੀਅਨ ਦੇ ਪ੍ਰਧਾਨ ਗਗਨਦੀਪ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀ ਵੱਲੋਂ ਟੀਕਾ ਲਗਵਾਉਣ ਦੀ ਪਹਿਲ ਕੀਤੀ ਜਾਣੀ ਚਾਹੀਦੀ ਹੈ।