ਮਨੋਜ ਸ਼ਰਮਾ
ਬਠਿੰਡਾ, 31 ਅਕਤੂਬਰ
ਪੰਜਾਬ ਵਿੱਚ ਝੋਨੇ ਦੀ ਪਰਾਲੀ ਦਾ ਹੱਲ ਅਹਿਮ ਮੁੱਦਾ ਹੈ ਪਰ ਤਤਕਾਲੀ ਕਾਂਗਰਸ ਸਰਕਾਰ ਵਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿੱਚ ਲਗਾਇਆ ਗਿਆ ਬਾਇਓਮਾਸ ਪਲਾਂਟ ਚੱਲਣ ਤੋਂ ਪਹਿਲਾਂ ਬੰਦ ਹੋਣ ਕਾਰਨ ਕਿਸਾਨਾਂ ਵਿਚ ਰੋਸ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਖੇਤਰ ਦੇ ਪਿੰਡ ਮਹਿਮਾ ਸਰਜਾ ਵਿਖੇ ਕਿਸਾਨਾਂ ਦੀ ਪਰਾਲੀ ਅਤੇ ਖੇਤੀਬਾੜੀ ਰਹਿੰਦ-ਖੂੰਹਦ ਨੂੰ ਸੰਭਾਲਣ ਦੇ ਮਨਸ਼ੇ ਨਾਲ ਸੂਬੇ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਾਇਓਮਾਸ ਪਲਾਂਟ ਦਾ ਉਦਘਾਟਨ 2018 ਵਿਚ ਪੰਚਾਇਤੀ ਜ਼ਮੀਨ ’ਤੇ ਕੀਤਾ ਸੀ ਜੋ ਚੱਲਣ ਤੋਂ ਪਹਿਲਾਂ ਹੀ ਬੰਦ ਹੋਣ ਕਾਰਨ ਚਿੱਟਾ ਹਾਥੀ ਬਣ ਗਿਆ ਹੈ। ਦੱਸਣਯੋਗ ਹੈ ਕਿ ਇਸ ਦੌਰਾਨ ਚੇਨਈ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਗ੍ਰਾਮ ਪੰਚਾਇਤ ਪਿੰਡ ਮਹਿਮਾ ਸਰਜਾ ਨਾਲ ਸਾਢੇ 19 ਏਕੜ ਪੰਚਾਇਤੀ ਜ਼ਮੀਨ ਦੀ ਪਹਿਲੇ ਸਾਲ 8 ਲੱਖ ਰੁਪਏ ਪ੍ਰਤੀ ਸਾਲ 33 ਸਾਲ ਲਈ ਸਮਝੌਤਾ ਕੀਤਾ ਗਿਆ ਸੀ। ਨਿਊਵੇਅ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਪਹਿਲੇ ਦੋ ਸਾਲ ਉੱਥੇ ਇੱਕ ਦਫਤਰ ਬਣਾ ਕੇ ਕੰਡਿਆਲੀ ਤਾਰ ਦੀ ਚਾਰਦੀਵਾਰੀ ਕੀਤੀ ਗਈ ਤੇ ਕੁਝ ਪਿੰਡਾਂ ਵਿਚੋਂ ਪਰਾਲੀ ਲਿਆ ਕੇ ਸਟੋਰ ਕੀਤੀ ਗਈ ਪਰ ਇਹ ਦੋ ਸਾਲਾਂ ਤੋਂ ਚਿੱਟਾ ਹਾਥੀ ਬਣ ਕੇ ਰਹਿ ਗਿਆ, ਜਿੱਥੇ ਅੱਜ ਨਾ ਤਾਂ ਕੋਈ ਕੰਪਨੀ ਦਾ ਦਫਤਰ ਤੇ ਨਾ ਅਧਿਕਾਰੀ ਨਜ਼ਰ ਆਉਦਾ ਹੈ। ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਹੁਣ ਉਕਤ ਕੰਪਨੀ ਦੇ ਰਫੂਚੱਕਰ ਹੋਣ ਨਾਲ ਜਿਥੇ ਪੰਚਾਇਤ ਠੱਗਿਆ ਮਹਿਸੂਸ ਕਰ ਰਹੀ ਹੈ। ਭਾਕਿਯੂ ਏਕਤਾ ਸਿੱਧੂਪੁਰ ਦੇ ਬਲਾਕ ਸੈਕਟਰੀ ਗੁਰਦੀਪ ਸਿੰਘ ਅਤੇ ਭਾਕਿਯੂ (ਮਾਨਸਾ) ਦੇ ਸੂਬਾ ਸੈਕਟਰੀ ਬੇਅੰਤ ਸਿੰਘ ਨੇ ਕਿਹਾ ਕਿ ਕੰਪਨੀ ਨੇ ਗ੍ਰਾਮ ਪੰਚਾਇਤ ਮਹਿਮਾ ਸਰਜਾ ਅਤੇ ਖੇਤਰ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਉਕਤ ਕੰਪਨੀ ’ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਇਸ ਪ੍ਰਾਜੈਕਟ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਉਕਤ ਨਿਜੀ ਕੰਪਨੀ ਨੇ ਉਨ੍ਹਾਂ ਨੂੰ ਕੋਈ ਅਪਡੇਟ ਨਹੀਂ ਦਿੱਤਾ। ਕੰਪਨੀ ਵੱਲ ਖੜ੍ਹੀ ਪੇਮੈਂਟ ਦੀ ਰਿਕਵਰੀ ਲਈ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਪਲਾਂਟ ਦੀ ਪੰਚਾਇਤ ਵੱਲ 20 ਲੱਖ ਦੀ ਦੇਣਦਾਰੀ
ਸਰਪੰਚ ਕੁਲਵਿੰਦਰ ਸਿੰਘ ਬਰਾੜ ਮਹਿਮਾ ਸਰਜਾ ਨੇ ਕਿਹਾ ਕਿ ਬਾਇਓਮਾਸ ਪਲਾਂਟ ਦੇ ਪ੍ਰਬੰਧਕਾਂ ਵੱਲ ਪੰਚਾਇਤੀ ਜ਼ਮੀਨ ਦਾ ਠੇਕਾ 2020-21 ਅਤੇ 2021-22 ਦਾ 20 ਲੱਖ ਬਕਾਇਆ ਖੜ੍ਹਾ ਹੈ। ਉਨ੍ਹਾਂ ਨਾਲ ਦੋ ਮਹੀਨੇ ਪਹਿਲਾਂ ਫੋਨ ਤੇ ਗੱਲ ਹੋਈ ਸੀ ਜਿਨ੍ਹਾਂ ਸਾਰਾ ਬਕਾਇਆ ਜਲਦ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਸਾਲਾਂ ਤੋਂ ਬਾਇਓਮਾਸ ਪਲਾਂਟ ਬੰਦ ਪਿਆ ਹੈ। ਉਧਰ ਬਾਇਓਮਾਸ ਪਲਾਂਟ ਦੇ ਅਧਿਕਾਰੀ ਅਬਦਲ ਸਲੇਮਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਮੋਬਾਇਲ ਨਹੀਂ ਚੁੱਕਿਆ।