ਬਠਿੰਡਾ (ਸ਼ਗਨ ਕਟਾਰੀਆ): ਆਮ ਆਦਮੀ ਪਾਰਟੀ ਨੇ ਕਿਸਾਨ ਵਿਰੋਧੀ ਕੇਂਦਰੀ ਆਰਡੀਨੈਂਸਾਂ, ਬਿਜਲੀ ਐਕਟ-2020, ਡੀਜ਼ਲ/ਪੈਟਰੋਲ ਦੀਆਂ ਕੀਮਤਾਂ ’ਚ ਹੋਏ ਇਜ਼ਾਫ਼ੇ ਦੇ ਖ਼ਿਲਾਫ਼ ਅੱਜ ਇਥੇ ਟਰੈਕਟਰਾਂ ’ਤੇ ਚੜ੍ਹ ਕੇ ਰੋਸ ਮਾਰਚ ਕੀਤਾ। ਪ੍ਰਦਰਸ਼ਨ ’ਚ ਭਾਕਿਯੂ (ਰਾਜੇਵਾਲ) ਵੀ ਸ਼ਾਮਲ ਹੋਈ। ਵਿਖਾਵਾਕਾਰੀਆਂ ਨੇ ਇਨ੍ਹਾਂ ਫੈਸਲਿਆਂ ਦੇ ਵਿਰੋਧ ’ਚ ਕੇਂਦਰ ਸਰਕਾਰ ਦੇ ਨਾਂ ਇਕ ਮੰਗ-ਪੱਤਰ ਐਸਡੀਐਮ ਨੂੰ ਦਿੱਤਾ। ਵਿਖਾਵੇ ’ਚ ਸ਼ਾਮਲ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਅਮਰਦੀਪ ਸਿੰਘ ਰਾਜਨ, ਅੰਮ੍ਰਿਤ ਲਾਲ ਅਗਰਵਾਲ, ਨਛੱਤਰ ਸਿੰਘ ਮੌੜ, ਗੋਗੀ ਚਹਿਲ, ਸੁਰਿੰਦਰ ਮਾਹਲ, ਕੁਲਵੰਤ ਮੌੜ, ਬਲਵਿੰਦਰ ਬੱਲ੍ਹੋ ਆਦਿ ਨੇ ਕਿਹਾ ਕਿ ਕੇਂਦਰੀ ਆਰਡੀਨੈਂਸਾਂ ਨਾਲ ਮੰਡੀਕਰਨ ਦਾ ਢਾਂਚਾ ਅਤੇ ਐਮਐਸਪੀ ਤਹਿਸ-ਨਹਿਸ ਹੋ ਜਾਵੇਗੀ। ਆਗੂਆਂ ਕਿਹਾ ਕਿ ਸੁਖਬੀਰ ਬਾਦਲ ਕਿਸਾਨਾਂ ਨੂੰ ‘ਪਲੋਸ’ ਰਹੇ ਹਨ। ਆਗੂਆਂ ਨੇ ਬਿਜਲੀ ਸੋਧ ਬਿੱਲ 2020 ਦੀ ਵਿਰੋਧਤਾ ਕਰਦਿਆਂ ਕਿਹਾ ਕਿ ਦੇਸ਼ ਅੰਦਰ ਬਿਜਲੀ ਦੀਆਂ ਕੀਮਤਾਂ ਵਧਣਗੀਆਂ ਜਿਸ ਨਾਲ ਬਿਜਲੀ ਗਰੀਬ ਤੋਂ ਦੂਰ ਹੋ ਜਾਵੇਗੀ। ਵਿਖਾਵਾਕਾਰੀਆਂ ਨੇ ‘ਬਾਦਲ ਮੋਦੀ-ਕਿਸਾਨ ਵਿਰੋਧੀ’ ਦੇ ਨਾਅਰੇ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਜੇ ਲੋਕ ਵਿਰੋਧੀ ਫੈਸਲੇ ਵਾਪਿਸ ਨਾ ਲਏ ਗਏ ਤਾਂ ਅੰਦੋਲਨ ਤਿੱਖਾ ਕੀਤਾ ਜਾਵੇਗਾ।