ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਅਕਤੂਬਰ
‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਸਰਕਾਰ ’ਤੇ ਲਾਏ ਦੋਸ਼ਾਂ ਨੂੰ ਤੱਥਾਂ ਤੋਂ ਕੋਰੇ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਅਤੇ ਸੂਬੇ ਦੇ ਆਰਥਿਕ ਹਾਲਾਤ ਨੂੰ ਬਰਬਾਦ ਕਰਨ ਦੀ ਇੱਕ ਸਾਜ਼ਿਸ਼ ਹੈ। ਉਨ੍ਹਾਂ ਆਖਿਆ ਕਿ ਸੱਚਾਈ ਇਹ ਹੈ ਕਿ ਇਹ ਸਾਰੀ ਰਾਜਨੀਤਕ ਖੇਡ ਹੈ, ਜਿਸ ਨਾਲ ਪੰਜਾਬ ਨੂੰ ਕਮਜ਼ੋਰ ਕਰ ਕੇ ਕਿਸਾਨਾਂ ਨੂੰ ਠੇਸ ਪਹੁੰਚਾਈ ਜਾ ਸਕੇ। ਸ੍ਰੀ ਗਰਗ ਨੇ ਕਿਹਾ ਕਿ ਅਚਾਨਕ ਹੀ ਕੇਂਦਰ ਨੇ 44 ਹਜ਼ਾਰ ਕਰੋੜ ਦਾ ਮਸਲਾ ਖੜ੍ਹਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਰੋਲ ਸਿਰਫ਼ ਝੋਨੇ ਦੀ ਖ਼ਰੀਦ ਕਰਨ ਦਾ ਹੈ, ਜੋ ਕਿ ਸ਼ੁਰੂ ਤੋਂ ਹੀ ਕੇਂਦਰ ਵੱਲੋਂ ਮਿਲਣ ਵਾਲੇ ਫੰਡ ਨਾਲ ਹੀ ਕੀਤਾ ਜਾਂਦਾ ਹੈ। ਨੀਲ ਗਰਗ ਨੇ ਕਿਹਾ ਕਿ ਦਰਅਸਲ ਪਿਛਲੇ ਦੋ ਸਾਲਾਂ ਤੋਂ ਚਾਵਲ ਦੀ ਬੈਕਲਾਗ ਕਾਰਨ ਕੇਂਦਰੀ ਖੁਰਾਕ ਨਿਗਮ (ਐਫਸੀਆਈ) ਨੇ ਸਟੋਰ ਖਾਲੀ ਨਹੀਂ ਕੀਤੇ, ਜਿਸ ਕਰਕੇ ਮਿੱਲਰਾਂ ਨੂੰ ਨਵੀਂ ਫ਼ਸਲ ਲਈ ਥਾਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੀਆਰ-126 ਬੀਜ, ਜਿਸ ਨੂੰ ਕੇਂਦਰ ਹੁਣ ਮੁੱਦਾ ਬਣਾ ਰਿਹਾ ਹੈ, ਇਹ ਬੀਜ ਸਾਲ 2016 ਤੋਂ ਪੰਜਾਬ ਵਿੱਚ ਬੀਜਿਆ ਜਾ ਰਿਹਾ ਹੈ। ਅਖੀਰ ’ਚ ਬੁਲਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ, ਮਿੱਲਰਾਂ ਤੇ ਸੂਬੇ ਦੇ ਲੋਕਾਂ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਇਸੇ ਤਰ੍ਹਾਂ ਖੜ੍ਹੀ ਰਹੇਗੀ। ਗੌਰਤਲਬ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨ ਰਾਹੀਂ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਸੀਸੀਐੱਲ ਦਾ 44 ਹਜ਼ਾਰ ਕਰੋੜ ਰੁਪਿਆ ਦੋ ਮਹੀਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਅਤੇ ਝੋਨੇ ਦੀ ਖਰੀਦ ’ਚ ਢਿੱਲਮੱਠ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।