ਮਨੋਜ ਸ਼ਰਮਾ
ਬਠਿੰਡਾ, 11 ਮਾਰਚ
ਪੰਜਾਬ ਵਿੱਚ ਸੱਤਾ ਪਰਿਵਰਤਨ ਹਾਲੇ ਕੱਲ੍ਹ 10 ਮਾਰਚ ਨੂੰ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੇ ਬਣਨੀ ਹੈ ਪਰ ਲੋਕਲ ਵਰਕਰਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਸਮਾਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਕਿਸੇ ਸਮੇਂ ਨਜ਼ਦੀਕੀ ਰਹੇ ਮੌਜੂਦਾ ਕੌਂਸਲਰ ਕਸ਼ਮੀਰੀ ਲਾਲ ਨੇ ਨਗਰ ਕੌਂਸਲ ਗੋਨਿਆਣਾ ’ਤੇ ਕਬਜ਼ਾ ਜਮਾ ਲਿਆ ਹੈ। ਕਸ਼ਮੀਰੀ ਲਾਲ ਸਣੇ ਕੁਝ ਕੌਂਸਲਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ‘ਆਪ’ ਵਿੱਚ ਸ਼ਾਮਲ ਹੋਏ ਸਨ।
ਅੱਜ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਮੌਜੂਦਾ ਕੌਂਸਲਰ ਪ੍ਰਧਾਨ ਮਨਮੋਹਨ ਸਿੰਘ ਧਿੰਗੜਾ ਦੇ ਲੱਗੇ ਬੋਰਡਾਂ ਨੂੰ ਹਟਾ ਦਿੱਤਾ ਤੇ ਪ੍ਰਧਾਨ ਵਾਲੀ ਕੁਰਸੀ ’ਤੇ ਬਿਰਾਜਮਾਨ ਹੋ ਗਏ। ਕਸ਼ਮੀਰੀ ਲਾਲ ਨੇ ਦਾਅਵਾ ਕੀਤਾ ਨਗਰ ਪਾਲਿਕਾ ਦੇ 13 ਮੌਜੂਦਾ ਕੌਂਸਲਰਾਂ ’ਚੋਂ ਅੱਠ ਕੌਂਸਲਰ ਉਨ੍ਹਾਂ ਦੇ ਨਾਲ ਹਨ। ਗੋਨਿਆਣਾ ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਕਸ਼ਮੀਰੀ ਲਾਲ ਤੇ ਉਹਦੇ ਸਾਥੀ ਕੌਂਸਲਰਾਂ ਦਾ ਮੌਜੂਦਾ ਪ੍ਰਧਾਨ ਨਾਲ ਕਾਫੀ ਲੰਮੇ ਸਮੇਂ ਤੋਂ ਛੱਤੀ ਦਾ ਅੰਕੜਾ ਰਿਹਾ ਹੈ ਜਿਸ ਕਾਰਨ ਅੱਜ ਇਨ੍ਹਾਂ ਕੌਂਸਲਰਾਂ ਨੇ ਸੱਤਾ ਬਦਲਣ ਤੋਂ ਬਾਅਦ ਨਗਰ ਕੌਂਸਲ ਦਫ਼ਤਰ ਵਿੱਚ ਆਪਣਾ ਕਬਜ਼ਾ ਜਮਾਇਆ। ਅੱਜ ਨਗਰ ਕੌਂਸਲ ਵਿੱਚ ਹੋਏ ਇਕੱਠ ਮੌਕੇ ਆਪ ਦੇ ਹਲਕਾ ਇੰਚਾਰਜ ਰਾਕੇਸ਼ ਪੁਰੀ ਤੇ ਜ਼ਿਲਾ ਜੁਆਇੰਟ ਸਕੱਤਰ ਸੁਰਿੰਦਰ ਬਿੱਟੂ ਵੀ ਮੌਜੂਦ ਰਹੇ। ਇਸ ਮੌਕੇ ਸਮਰਥਕਾਂ ਦੇ ਇਕੱਠ ਵਿੱਚ ਲੱਡੂ ਵੰਡੇ ਗਏ। 13 ਕੌਂਸਲਰਾਂ ਸਮੇਤ ਇਕ ਵੋਟ ਮੌਜੂਦਾ ਵਿਧਾਇਕ ਦੀ ਹੁੰਦੀ ਹੈ ਜੇਕਰ ਜੇ ਵਿਧਾਇਕ ਕਸ਼ਮੀਰੀ ਲਾਲ ਨੂੰ ਸਮਰਥਨ ਦਿੰਦੇ ਹਨ ਤਾਂ ਫਿਰ ਵੀ ਕੌਂਸਲਰਾਂ ਦੀ ਗਿਣਤੀ ਦਾ ਅੰਕੜਾ 9 ਬਣਦਾ ਹੈ ਤਾਂ ਇੱਕ ਹੋਰ ਕੌਂਸਲਰ ਦੀ ਲੋੜ ਪਵੇਗੀ।
ਅੱਜ ਕਸ਼ਮੀਰੀ ਲਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦਾ ਕੰਮ ਦੇਖਿਆ ਜਾਵੇਗਾ। ਇਸ ਸਬੰਧੀ ਮੌਜੂਦਾ ਪ੍ਰਧਾਨ ਮਨਮੋਹਨ ਸਿੰਘ ਧਿੰਗੜਾ ਨੇ ਕਿਹਾ ਕਿ ਇਹ ਤਾਂ ਲੋਕਤੰਤਰ ਦਾ ਘਾਣ ਹੈ। ਕਸ਼ਮੀਰੀ ਲਾਲ ਉਸ ਦੀ ਪ੍ਰਵਾਨਗੀ ਬਿਨਾਂ ਉਸ ਦੀ ਕੁਰਸੀ ’ਤੇ ਨਹੀਂ ਬੈਠ ਸਕਦੇ। ਜੇ ਉਨ੍ਹਾਂ ਨੇ ਤਖ਼ਤੀ ਲਾਈ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦਾ ਬਹੁਮਤ ਉਨ੍ਹਾਂ ਨਾਲ ਹਨ।