ਪੱਤਰ ਪ੍ਰੇਰਕ
ਬਠਿੰਡਾ, 20 ਅਗਸਤ
ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਅਫ਼ਰੀਕਨ ਸਵਾਈਨ ਫੀਵਰ ਇੱਕ ਵਾਇਰਲ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਠਿੰਡਾ ਡਾ. ਰਾਮਪਾਲ ਮਿੱਤਲ, ਸਟੇਟ ਨੋਡਲ ਅਫ਼ਸਰ ਡਾ. ਅਮਰੀਕ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਜਤਿੰਦਰਪਾਲ ਸਿੰਘ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਅਫਰੀਕਨ ਸਵਾਈਨ ਫੀਵਰ ਜੰਗਲੀ ਸੂਰਾਂ ਤੋਂ ਸਿੱਧੇ ਸੰਪਰਕ ਰਾਹੀਂ ਜਾਂ ਉਨ੍ਹਾਂ ’ਤੇ ਲੱਗੇ ਚਿੱਚੜਾਂ ਰਾਹੀਂ, ਪਾਲਤੂ ਸੂਰਾਂ ਵਿੱਚ ਆਉਂਦੀ ਹੈ। ਅੱਗੇ ਇਹ ਬਿਮਾਰੀ, ਬਿਮਾਰ ਸੂਰਾਂ ਰਾਹੀਂ, ਦੂਸ਼ਿਤ ਖੁਰਾਕ, ਕੱਪੜੇ, ਬੂਟਾਂ, ਟਾਇਰਾਂ ਆਦਿ ਰਾਹੀਂ ਫ਼ੈਲਦੀ ਹੈ। ਜਾਰੀ ਐਡਵਾਈਜ਼ਰੀ ਅਨੁਸਾਰ ਇਸ ਬਿਮਾਰੀ ਦੇ ਲੱਛਣ ਬੁਖਾਰ, ਭੁੱਖ ਨਾ ਲੱਗਣੀ, ਔਖੇ ਸਾਹ, ਨੱਕ ਤੇ ਅੱਖਾਂ ਵਿੱਚੋਂ ਪਾਣੀ ਵਗਣਾ, ਲੰਗੜਾਉਣਾ, ਖੂਨੀ ਮੋਕ, ਚਮੜੀ ਤੇ ਲਾਲ/ਨੀਲੇ-ਜਾਮਨੀ ਧੱਫੜ ਪੈਣੇ, ਖਾਸ ਕਰ ਕੇ ਕੰਨਾਂ ’ਤੇ, ਮਲ ਦੁਆਰ ਤੇ ਨੱਕ ਵਿੱਚੋਂ ਖੂਨ ਵਗਣਾ, ਉਲਟੀਆਂ ਲੱਗਣੀਆਂ ਤੇ ਸੁਸਤ ਹੋਣਾ ਆਦਿ ਹਨ। ਐਡਵਾਈਜ਼ਰੀ ਤਹਿਤ ਇਸ ਬਿਮਾਰੀ ਦਾ ਕੋਈ ਟੀਕਾ ਜਾਂ ਕਾਰਗਰ ਇਲਾਜ ਨਹੀਂ ਹੈ ਅਤੇ ਬਚਾਅ ਹੀ ਇੱਕ ਕਾਰਗਰ ਤਰੀਕਾ ਹੈ। ਸੂਰਾਂ ਦੇ ਫ਼ਾਰਮ ’ਤੇ ਕੰਮ ਕਰਨ ਵਾਲੇ ਵਿਅਕਤੀ, ਉਨ੍ਹਾਂ ਦੇ ਬੂਟਾਂ, ਕੱਪੜਿਆਂ ਆਦਿ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦੇਣਾ ਜ਼ਰੂਰੀ ਹੈ। ਇਸੇ ਤਰ੍ਹਾਂ ਗੱਡੀ/ਮੋਟਰਸਾਈਕਲ ਦੇ ਟਾਇਰਾਂ ਨੂੰ ਫ਼ਾਰਮ ਦੇ ਅੰਦਰ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਰੋਗਾਣੂਮੁਕਤ ਕੀਤਾ ਜਾਵੇ, ਫ਼ਾਰਮ ਦੀ ਰਹਿੰਦ-ਖੂੰਹਦ ਤੇ ਕੂੜੇ ਦਾ ਸਹੀ ਨਿਪਟਾਰਾ ਕਰਨਾ ਅਤੇ ਇਸ ਨੂੰ ਖੁੱਲ੍ਹੇ ਵਿੱਚ ਨਹੀਂ ਸੁੱਟਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਚਿੱਚੜਾਂ ਦੀ ਸੁਚੱਜੀ ਰੋਕਥਾਮ ਕਰਨੀ ਜ਼ਰੂਰੀ ਹੈ। ਫਾਰਮ ’ਤੇ ਬਾਹਰੀ ਵਿਅਕਤੀਆਂ ਦੇ ਆਉਣ ’ਤੇ ਮੁਕੰਮਲ ਪਾਬੰਦੀ, ਫਾਰਮਾਂ ਵਿੱਚ ਸੂਰਾਂ ਅਤੇ ਔਜ਼ਾਰਾਂ ਦਾ ਅਦਾਨ-ਪ੍ਰਦਾਨ ਨਾ ਕਰਨਾ, ਮੌਜੂਦਾ ਹਾਲਾਤ ਵਿੱਚ ਨਵੇਂ ਸੂਰ ਨਾ ਖਰੀਦਣਾ ਜਾਂ ਨਵੇਂ ਖਰੀਦੇ ਜਾਨਵਰਾਂ ਨੂੰ 20 ਦਿਨ ਵੱਖ ਰੱਖਣਾ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਪਸ਼ੂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਐਡਵਾਈਜ਼ਰੀ ਅਨੁਸਾਰ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਹੁੰਦੀ।
ਲੰਪੀ ਸਕਿਨ: ਪਿੰਡ ਸਨ੍ਹੇਰ ਵਿੱਚ 30 ਦੇ ਕਰੀਬ ਪਸ਼ੂ ਮਰੇ
ਜ਼ੀਰਾ (ਪੱਤਰ ਪ੍ਰੇਰਕ): ਜ਼ੀਰਾ ਦੇ ਪਿੰਡ ਸਨ੍ਹੇਰ ਵਿੱਚ ਲੰਪੀ ਸਕਿਨ ਨਾਂ ਦੀ ਬਿਮਾਰੀ ਕਾਰਨ 30 ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ , ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਆਏ ਦਿਨ ਇੱਕ ਤੋਂ ਦੋ ਗਾਵਾਂ ਮਰ ਰਹੀਆਂ ਹਨ। ਪਿੰਡ ਦੇ ਵਸਨੀਕ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਬਹੁਤ ਚਿੰਤਾ ਵਿੱਚ ਹਨ। ਮਹਿੰਗੇ ਭਾਅ ਦੇ ਪਸ਼ੂਆਂ ’ਤੇ ਬਿਮਾਰੀ ਦਾ ਕਹਿਰ ਹੋਣ ਕਾਰਨ ਲੋਕਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਕਮਜ਼ੋਰ ਹੋ ਰਹੀ ਹੈ। ਕਈ ਪਰਿਵਾਰ ਦੁੱਧ ਵੇਚ ਕੇ ਆਪਣਾ ਘਰ ਚਲਾ ਰਹੇ ਸਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਠੱਲ੍ਹ ਪਾਈ ਜਾਵੇ ਅਤੇ ਪਸ਼ੂ ਮਾਲਕਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ।