ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 8 ਅਪਰੈਲ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਅੱਜ ਹਾਲੋਂ ਬੇਹਾਲ ਸਪੋਰਟਸ ਸਕੂਲ ਘੁੱਦਾ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਸਕੂਲ ਦੇ ਅਕਾਦਮਿਕ ਤੇ ਸਪੋਰਟਸ ਵਿੰਗ ਨੂੰ ਬੜੀ ਬਰੀਕੀ ਨਾਲ ਵਾਚਿਆ। ਉਨ੍ਹਾਂ ਸਕੂਲ ਦਾ ਸ਼ਾਨਦਾਰ ਕੈਂਪਸ ਵੇਖ ਕੇ ਕਿਹਾ ਕਿ ਇਹ ਪੰਜਾਬ ਦਾ ਇੱਕੋ-ਇੱਕ ਨਿਵੇਕਲਾ ਸਕੂਲ ਹੈ, ਜਿੱਥੇ ਪੜ੍ਹਾਈ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਤੱਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਕੂਲ ਦੇ ਦਫ਼ਤਰ ਤੋਂ ਲੈ ਕੇ ਖੇਡ ਗਰਾਊਂਡਾਂ, ਇਨਡੋਰ ਸਟੇਡੀਅਮ, ਲੜਕੀਆਂ ਦਾ ਹੋਸਟਲ, ਸਵੀਮਿੰਗ ਪੂਲ, ਵੇਟ ਲਿਫ਼ਟਿੰਗ ਹਾਲ, ਹਾਕੀ ਟਰਫ਼, ਸਿੰਥੈਟਿਕ ਟਰੈਕ ਅਤੇ ਲੜਕਿਆਂ ਦਾ ਹੋਸਟਲ ਸਮੇਤ ਹਰ ਸਥਾਨ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਸਕੂਲ ਦੇ ਹੋਸਟਲਾਂ ਦੇ ਕਮਰੇ, ਕਿਚਨ ਰੂਮ, ਵਿਦਿਆਰਥੀਆਂ ਦਾ ਕਾਮਨ ਰੂਮ ਉਚੇਚੇ ਤੌਰ ’ਤੇ ਚੈੱਕ ਕੀਤੇ ਅਤੇ ਹੋਣ ਵਾਲੀ ਮੁਰੰਮਤ ਲਈ ਬਣਦੀ ਕਾਰਵਾਈ ਆਰੰਭਣ ਲਈ ਤੁਰੰਤ ਹੁਕਮ ਜਾਰੀ ਕੀਤੇ। ਸਕੂਲ ਦੇ 50 ਮੀਟਰ ਅਕਾਰ ਦੇ ਸਵੀਮਿੰਗ ਪੂਲ ਨੂੰ ਵੇਖ ਕੇ ਡਿਪਟੀ ਕਮਿਸ਼ਨਰ ਨੇ ਉਸ ਦੀ ਰਿਪੇਅਰ ਸਬੰਧੀ ਐਸਟੀਮੇਟ ਬਣਾਉਣ ਬਾਬਤ ਆਦੇਸ਼ ਦਿੱਤੇ। ਸਕੂਲ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਮਿੱਤਲ ਵੱਲੋਂ ਕੋਵਿਡ ਤੋਂ ਬਾਅਦ ਰੁਕੇ ਹੋਏ ਪ੍ਰਾਜੈਕਟਾਂ ਬਾਰੇ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਸਾਰੇ ਕੈਂਪਸ ਦਾ ਨਿਰੀਖਣ ਕਰਨ ਉਪਰੰਤ ਸਕੂਲ ਦੇ ਪੈਂਡਿੰਗ ਪਏ ਅਤੇ ਨਵੇਂ ਦਾਖ਼ਲਿਆਂ ਸਬੰਧੀ ਟਰਾਇਲਾਂ ਲਈ ਵਿਗਿਆਪਨ ਵਾਲੀ ਫਾਈਲ ਨੂੰ ਹਰੀ ਝੰਡੀ ਦਿੱਤੀ। ਡਿਪਟੀ ਕਮਿਸ਼ਨਰ ਨੇ ਸਕੂਲ ਦੇ ਦੋਹਾਂ ਹੋਸਟਲਾਂ ਨੂੰ ਜਲਦੀ ਖੋਲ੍ਹਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਸਕੂਲ ਦੀਆਂ ਸਾਰੀਆਂ ਮੁਰੰਮਤ ਯੋਗ ਥਾਵਾਂ ਦਾ ਤੁਰੰਤ ਤਖ਼ਮੀਨਾ ਤਿਆਰ ਕਰਨ ਲਈ ਪਿ੍ਰੰਸੀਪਲ ਨੂੰ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ, ਇੰਚਾਰਜ ਅਮਰਬੀਰ ਕੌਰ ਤੇ ਸਟਾਫ਼ ਹਾਜ਼ਰ ਸੀ।