ਮਨੋਜ ਸ਼ਰਮਾ
ਬਠਿੰਡਾ, 4 ਅਪਰੈਲ
ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਦੀ ਸਾਂਝੀ ਮੀਟਿੰਗ ਜੀਤਾ ਸਿੰਘ ਪਿੱਥੋ ਅਤੇ ਰਣਜੀਤ ਸਿੰਘ ਮਹਿਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ, ਨੀਅਤ ਦੀ ਨਿਖੇਧੀ ਕੀਤੀ ਗਈ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਚਲ ਰਹੇ ਲੋਕ ਅੰਦੋਲਨ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਦੇਸ਼ ਦੇ ਲੋਕਾਂ ਨਾਲ ਵਿਦੇਸ਼ੀ ਅਤਿਵਾਦੀਆਂ ਵਰਗਾ ਵਿਵਹਾਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਸਿੱਧੀ ਅਦਾਇਗੀ ਸਬੰਧੀ ਚਿੱਠੀਆਂ ਤੁਰੰਤ ਵਾਪਸ ਲਈਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਟਰੇਡ ਯੂਨੀਅਨਾਂ ਨਾਲ ਕੱਲ੍ਹ ਲੁਧਿਆਣਾ ਵਿਖੇ ਮੀਟਿੰਗ ਹੋਈ ਹੈ ਜਿਸ ਵਿੱਚ ਕਿਸਾਨ ਸੰਘਰਸ਼ ਨੂੰ ਹੋਰ ਜਾਨਦਾਰ ਬਣਾਉਣ ’ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ਨੂੰ ਜਸਵੀਰ ਕੌਰ ਸਰਾ ਮੈਂਬਰ ਸੂਬਾ ਕਮੇਟੀ ਖੇਤ ਮਜ਼ਦੂਰ ਸਭਾ, ਹਰਨੇਕ ਸਿੰਘ ਆਲੀਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਸਭਾ ਬਠਿੰਡਾ, ਕਾਕਾ ਸਿੰਘ ਬਠਿੰਡਾ ਸੂਬਾ ਪ੍ਰਧਾਨ ਪੱਲੇਦਾਰ ਯੂਨੀਅਨ, ਮੁਲਾਜ਼ਮ ਆਗੂ ਪੂਰਨ ਸਿੰਘ ਗੁੰਮਟੀ ਤੇ ਕਾਕਾ ਸਿੰਘ ਮੁਹਾਲਾ ਨੇ ਸੰਬੋਧਨ ਕੀਤਾ।