ਮਨੋਜ ਸ਼ਰਮਾ
ਬਠਿੰਡਾ, 15 ਸਤੰਬਰ
ਮਾਲਵਾ ਖੇਤਰ ਵਿੱਚ ਲੰਪੀ ਸਕਿਨ ਕਾਰਨ ਪਸ਼ੂ ਮੰਡੀਆਂ ਬੰਦ ਹਨ ਜਿਸ ਕਾਰਨ ਕਿਸਾਨਾਂ, ਪਸ਼ੂ ਵਪਾਰੀਆਂ ਤੇ ਟਰਾਂਸਪੋਰਟਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੀਆਂ ਚਾਰ ਪ੍ਰਮੁੱਖ ਪਸ਼ੂ ਮੰਡੀਆਂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਕਾਰਨ ਬੰਦ ਹਨ। ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਤੋਂ ਵੀ ਪਸ਼ੂ ਵਪਾਰੀ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਤੇ ਮੌੜ ਮੰਡੀ ਸਮੇਤ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੇ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੀਆਂ ਪਸ਼ੂ ਮੰਡੀਆਂ ਵਿੱਚ ਪਸ਼ੂਆਂ ਦੀ ਖਰੀਦ ਲਈ ਪਹੁੰਚਦੇ ਹਨ।
ਪਸ਼ੂ ਵਪਾਰੀਆਂ ਨੇ ਦੱਸਿਆ ਕਿ ਲੰਪੀ ਸਕਿਨ ਦੇ ਮਾਮਲੇ ਹੁਣ ਘਟੇ ਹਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਮਾਮੂਲੀ ਕੇਸ ਹਨ ਪਰ ਰਾਜ ਸਰਕਾਰ ਵੱਲੋਂ ਅਜੇ ਤੱਕ ਪਸ਼ੂ ਮੰਡੀਆਂ ਨੂੰ ਨਹੀਂ ਖੋਲ੍ਹਿਆ ਗਿਆ। ਇਸ ਕਾਰਨ ਸਬੰਧਤ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਵਰਗੇ ਗੁਆਂਢੀ ਰਾਜਾਂ ਵਿੱਚ ਪਸ਼ੂ ਮੰਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਪੰਜਾਬ ਵਿੱਚ ਮੰਡੀਆਂ ਮੁੜ ਸ਼ੁਰੂ ਨਹੀਂ ਕੀਤੀਆਂ ਗਈਆਂ। ਇਸ ਕਾਰਨ ਕਿਸਾਨਾਂ, ਪਸ਼ੂ ਵਪਾਰੀਆਂ, ਟਰਾਂਸਪੋਰਟਰਾਂ, ਏਜੰਟਾਂ ਅਤੇ ਇਸ ਰੁਜ਼ਗਾਰ ਨਾਲ ਸਬੰਧਤ ਹਜ਼ਾਰਾਂ ਲੋਕਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਧਨੌਲਾ ਦੀ ਪਸ਼ੂ ਮੰਡੀ ਵਿੱਚ ਔਸਤਨ 1500 ਪਸ਼ੂ ਲਿਆਂਦੇ ਜਾਂਦੇ ਸਨ ਅਤੇ ਇੱਕ ਦਿਨ ਵਿੱਚ 500 ਤੋਂ 600 ਦੇ ਕਰੀਬ ਮੱਝਾਂ ਸਰਦੂਲਗੜ੍ਹ ਪਸ਼ੂ ਮੰਡੀ ਵਿੱਚ ਲਿਆਂਦੀਆਂ ਜਾਂਦੀਆਂ ਸਨ ਤੇ 60 ਫੀਸਦੀ ਪਸ਼ੂ ਵਿਕ ਜਾਂਦੇ ਸਨ।
ਤਲਵੰਡੀ ਸਾਬੋ ਦੇ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੀ ਤਾਜ਼ੀ ਸੂਈ ਮੱਝ ਦਾ ਮਾਰਕੀਟ ਰੇਟ 1.40 ਲੱਖ ਰੁਪਏ ਹੈ ਪਰ ਉਹ ਮੱਝ ਨੂੰ ਵੇਚ ਨਹੀਂ ਸਕਦਾ ਕਿਉਂਕਿ ਪਸ਼ੂ ਮੰਡੀਆਂ ਬੰਦ ਹਨ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਬਾਅਦ ਜਦੋਂ ਮੱਝ ਦੁੱਧ ਦੇਣਾ ਘੱਟ ਕਰ ਦੇਵੇਗੀ ਤਾਂ ਇਸ ਦਾ ਰੇਟ 60 ਤੋਂ 65 ਹਜ਼ਾਰ ਦੇ ਵਿਚਕਾਰ ਆ ਜਾਵੇਗਾ।
ਲੰਪੀ ਸਕਿਨ ਕੇਸਾਂ ਦੇ ਮੁਲਾਂਕਣ ਮਗਰੋਂ ਮੰਡੀਆਂ ਬਾਰੇ ਲਿਆ ਜਾਵੇਗਾ ਫੈਸਲਾ: ਡੀਸੀ
ਡਿਪਟੀ ਕਮਿਸ਼ਨਰ (ਬਠਿੰਡਾ) ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਲੰਪੀ ਸਕਿਨ ਦੇ ਮਾਮਲੇ ਘਟੇ ਹਨ ਪਰ ਮੌਜੂਦਾ ਸਮੇਂ ਮੁਲਾਂਕਣ ਕਰਨ ਦੀ ਜ਼ਰੂਰਤ ਹੈ ਕਿ ਹੁਣ ਅਸਲ ਸਥਿਤੀ ਕੀ ਹੈ ਅਤੇ ਉਸ ਤੋਂ ਬਾਅਦ ਹੀ ਪਸ਼ੂ ਮੰਦੀਆਂ ਖੋਲ੍ਹਣ ਬਾਰੇ ਫੈਸਲਾ ਲਿਆ ਜਾਵੇਗਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪਸ਼ੂ ਮੰਡੀਆਂ ਖੋਲ੍ਹਣੀਆਂ ਚਾਹੀਦੀਆਂ ਹਨ ਅਤੇ ਮੰਡੀਆਂ ਵਿੱਚ ਡਾਕਟਰੀ ਅਮਲੇ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।