ਪੱਤਰ ਪ੍ਰੇਰਕ
ਬਠਿੰਡਾ, 1 ਮਾਰਚ
ਇੱਥੇ ਮੇਲਾ ਰਾਮ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦਾ ਏਟੀਐਮ ਤੋੜਨ ਆਏ ਚੋਰਾਂ ’ਚੋਂ ਪੁਲੀਸ ਨੇ ਇਕ ਨੂੰ ਮੌਕੇ ’ਤੇ ਹੀ ਦਬੋਚ ਲਿਆ।
ਬੈਂਕ ਮੈਨੇਜਰ ਅੰਕੁਸ਼ ਸ਼ੁਕਲਾ ਅਨੁਸਾਰ ਉਨ੍ਹਾਂ ਨੂੰ ਘਟਨਾ ਬਾਰੇ ਸਵੇਰੇ ਚਾਰ ਕੁ ਵਜੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਏਟੀਐਮ ’ਚੋਂ ਨਕਦੀ ਕੱਢਣ ਲਈ ਜਦੋਂ ਚੋਰ ਗੈਸ ਕਟਰ ਨਾਲ ਮਸ਼ੀਨ ਨੂੰ ਕੱਟ ਰਹੇ ਸਨ ਤਾਂ ਆਧੁਨਿਕ ਤਕਨੀਕ ਨਾਲ ਜੁੜੇ ਸਿਸਟਮ ਰਾਹੀਂ ਇਸ ਦੀ ਸੂਚਨਾ ਨੇੜਲੇ ਪੁਲੀਸ ਥਾਣੇ ਵਿਚ ਪੁੱਜ ਗਈ। ਪੁਲੀਸ ਨੇ ਫੌਰੀ ਕਾਰਵਾਈ ਕਰਦਿਆਂ ਇਕ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਜਦ ਕਿ ਦੋ ਭੱਜਣ ਵਿਚ ਸਫ਼ਲ ਰਹੇ। ਉਨ੍ਹਾਂ ਦੱਸਿਆ ਕਿ ਗੈਸ ਕਟਰ ਦੀ ਵਰਤੋਂ ਕਰਨ ਨਾਲ ਏਟੀਐਮ ਨੂੰ ਅੱਗ ਲੱਗ ਗਈ। ਨੁਕਸਾਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਸੰਭਾਵਿਤ ਬਚਾਅ ਹੋਣ ਦੀ ਗੱਲ ਕਰਦਿਆਂ ਨਾਲ ਹੀ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾਵੇਗੀ।