ਸੁਖਜੀਤ ਮਾਨ
ਬਠਿੰਡਾ, 26 ਜੁਲਾਈ
ਪਿੰਡ ਬਾਜੇਵਾਲਾ (ਮਾਨਸਾ) ਦੀ ਜਸਪ੍ਰੀਤ ਕੌਰ ਨੇ ਕੌਮੀ ਪੱਧਰ ’ਤੇ ਜਸ ਖੱਟਿਆ ਹੈ। ਮਾਪੇ ਅਨਪੜ੍ਹ ਨੇ ਪਰ ਪੜ੍ਹੀ-ਲਿਖੀ ਧੀ ਨੇ ਬਾਰ੍ਹਵੀਂ ਜਮਾਤ ਵਿੱਚੋਂ ਸਰਵੋਤਮ ਅੰਕ ਹਾਸਿਲ ਕਰਕੇ ਉਨ੍ਹਾਂ ਦਾ ਨਾਂ ਸੁਰਖੀਆਂ ਵਿੱਚ ਲਿਆ ਦਿੱਤਾ। ਸਾਬਕਾ ਭਾਰਤੀ ਕ੍ਰਿਕਟਰ ਵੀਵੀਐਸ ਲਕਸ਼ਮਣ ਨੇ ਵੀ ਇਸ ਹੋਣਹਾਰ ਧੀ ਦੀ ਪ੍ਰਾਪਤੀ ਦਾ ਆਪਣੇ ਟਵਿੱਟਰ ਹੈਂਡਲ ’ਤੇ ਜ਼ਿਕਰ ਕੀਤਾ ਹੈ। ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚੋਂ ਚੰਗੇਰੀ ਪੜ੍ਹਾਈ ਕਰਕੇ ਉੱਚ ਅੰਕ ਲੈਣ ਵਾਲੀ ਵਿਦਿਆਰਥਣ ਦਾ ਨਤੀਜਾ ਆਉਣ ਦੇ ਪੰਜ ਦਿਨ ਮਗਰੋਂ ਵੀ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਕੌਮਾਂਤਰੀ ਕ੍ਰਿਕਟ ਖਿਡਾਰੀ ਵੀਵੀਐਸ ਲਕਸ਼ਮਣ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਬਾਜੇਵਾਲਾ ਦੇ ਇੱਕ ਹੇਅਰ ਡਰੈਸਰ ਦੀ ਧੀ ਜਸਪ੍ਰੀਤ ਕੌਰ ਨੇ ਦਰਸਾ ਦਿੱਤਾ ਹੈ ਕਿ ਜੇ ਕੋਈ ਆਪਣੇ ਟੀਚੇ ਵੱਲ ਨਿਰੰਤਰ ਕੰਮ ਕਰਦਾ ਹੈ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ। ਲਕਸ਼ਮਣ ਨੇ ਜਸਪ੍ਰੀਤ ਕੌਰ ਵੱਲੋਂ 99.5 ਫੀਸਦੀ ਅੰਕ ਪ੍ਰਾਪਤ ਕਰਨ ਦਾ ਵੀ ਜ਼ਿਕਰ ਕੀਤਾ ਹੈ। ਇਸ ਟਵੀਟ ਨੂੰ 10 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਤੇ 500 ਤੋਂ ਵੱਧ ਜਣਿਆਂ ਨੇ ਅੱਗੇ ਸ਼ੇਅਰ ਕੀਤਾ ਹੈ। ਜਸਪ੍ਰੀਤ ਦਾ ਹੇਅਰ ਡਰੈਸਰ ਪਿਤਾ ਬਲਦੇਵ ਸਿੰਘ ਤੇ ਮਾਂ ਮਨਦੀਪ ਕੌਰ ਪਿੰਡ ਖੇਤਾਂ ਵਿੱਚ ਦਿਹਾੜੀ ਕਰਨ ਵੀ ਜਾਂਦੇ ਹਨ।
ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਲਗਾਤਾਰ ਚੰਗੇ ਨਤੀਜੇ ਆਉਣ ਕਾਰਨ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਭਰੋਸਾ ਵਧਿਆ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸੰਤ ਕਬੀਰ ਗਰਲਜ਼ ਕਾਲਜ ਭੁੱਚੋ ਖੁਰਦ ਵਿੱਚ ਆਲ ਇੰਡੀਆ ਰੇਡੀਓ ਐੱਫਐੱਮ ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਰਾਜੀਵ ਅਰੋੜਾ ਨੇ ਵਿਦਿਆਰਥਣਾਂ ਜੈਸਮੀਨ ਕੌਰ, ਸਤਵਿੰਦਰ ਕੌਰ ਤੇ ਮਨਪ੍ਰੀਤ ਕੌਰ ਨੂੰ ਸਨਮਾਨਿਆ।
ਭਾਈਰੂਪਾ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਈਰੂਪਾ ਦੀ ਵਿਦਿਆਰਥਣ ਨਾਮਦੀਪ ਕੌਰ ਨੂੰ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਭਾਈਰੂਪਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ।
ਭਗਤਾ ਭਾਈ (ਪੱਤਰ ਪ੍ਰੇਰਕ): ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਮਲੂਕਾ ਵਿੱਚ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਨ। ਪ੍ਰਿੰਸੀਪਲ ਨਵਤੇਜ ਕੌਰ ਵਿਰਕ ਨੇ ਦੱਸਿਅ ਕਿ ਸ. ਮਲੂਕਾ ਨੇ ਵਿਦਿਆਰਥਣਾਂ ਸਿਮਰਨਜੀਤ ਕੌਰ, ਰਮਨਪ੍ਰੀਤ ਕੌਰ ਸਿੱਧੂ ਅਤੇ ਅਰਦੀਪ ਕੌਰ ਦਾ ਸਨਮਾਨ ਕੀਤਾ।
ਬੋਹਾ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੂੰ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਨੇਕੀ ਫਾਊਂਡੇਸ਼ਨ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵਿਸ਼ੇਸ਼ ਸਨਮਾਨ ਕੀਤਾ। ਇਸੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਉਂਦ ਕਲਾਂ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਡਾ. ਨਿਸ਼ਾਨ ਸਿੰਘ ਹਾਕਮਵਾਲਾ ਤੇ ਮਹਿੰਦਰ ਸਿੰਘ ਸੈਦੇਵਾਲਾ ਨੇ ਸਨਮਾਨਿਆ।
ਸ੍ਰੀ ਮੁਕਤਸਰ ਸਾਹਿਬ (ਪੱਤਰ ਪ੍ਰੇਰਕ): ਪੰਬਾਵਰੀਆ ਸਮਾਜ ਧਰਮਸ਼ਾਲਾ ਕਮੇਟੀ ਦੇ ਵਾਇਸ ਖ਼ਜ਼ਾਨਚੀ ਗਰੀਬ ਦਾਸ ਅਤੇ ਕਮੇਟੀ ਮੈਂਬਰ ਨੇ ਹਰਬੰਸ ਸਿੰਘ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਬਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।
ਡਿੰਪੀ ਢਿੱਲੋਂ ਵੱਲੋਂ ਮਨਵੀਰ ਕੌਰ ਦਾ ਸਨਮਾਨ
ਗਿੱਦੜਬਾਹਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਅਤੇ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ 12ਵੀਂ ਜਮਾਤ ਕਾਮਰਸ ਗਰੁੱਪ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਮਨਵੀਰ ਕੌਰ ਪੁੱਤਰੀ ਗੁਰਸੇਵਕ ਸਿੰਘ ਦੇ ਗ੍ਰਹਿ ਪਿੰਡ ਸ਼ੇਖ ਪਹੁੰਚ ਕੇ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ। ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਐਡਵੋਕੇਟ ਕੁਲਜਿੰਦਰ ਸਿੰਘ ਸੰਧੂ, ਰੈਸਟੀ ਰੰਧਾਵਾ ਤੇ ਜਗਤਾਰ ਸਿੰਘ ਧਾਲੀਵਾਲ ਹਾਜ਼ਰ ਸਨ।
ਹੋਣਹਾਰ ਵਿਦਿਆਰਥੀਆਂ ਦੀ ਪੜ੍ਹਈ ਦਾ ਖ਼ਰਚਾ ਚੁੱਕੇ ਸਰਕਾਰ: ਡੀਟੀਐੱਫ
ਮਹਿਲ ਕਲਾਂ (ਪੱਤਰ ਪ੍ਰੇਰਕ): ਪਿੰਡ ਰਾਏਸਰ ਦੇ ਇੱਕ ਦਿਹਾੜੀਦਾਰ ਮਜਦੂਰ ਪਰਿਵਾਰ ਦੀ ਧੀ ਗਗਨਦੀਪ ਨੇ 440 ਅੰਕਾਂ ਨਾਲ ਜਿੱਥੇ ਬਲਾਕ ਮਹਿਲ ਕਲਾਂ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ ਉੱਥੇ ਹੀ ਉਹ ਜ਼ਿਲ੍ਹਾ ਬਰਨਾਲਾ ਵਿੱਚੋਂ ਤੀਜਾ ਸਥਾਨ ਮੱਲਿਆ ਹੈ। ਅੱਜ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਪਿੰਡ ਰਾਏਸਰ ਪਹੁੰਚ ਕੇ ਗਗਨਦੀਪ ਦਾ ਵਿਸ਼ੇਸ਼ ਸਨਮਾਨ ਕੀਤਾ। ਲੜਕੀ ਦੇ ਘਰ ਪਹੁੰਚੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਜ਼ਿਲ੍ਹਾ ਸਕੱਤਰ ਰਾਜੀਵ ਕੁਮਾਰ, ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ, ਬਲਾਕ ਪ੍ਰਧਾਨ ਮਾਲਵਿੰਦਰ ਸਿੰਘ, ਸਕੱਤਰ ਰਘਬੀਰ ਕਰਮਗੜ੍ਹ ਅਤੇ ਸਕੂਲ ਪ੍ਰਿੰਸੀਪਲ ਬਰਜਿੰਦਰ ਪਾਲ ਸਿੰਘ ਨੇ ਵਿਦਿਆਰਥਣ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹੋਣਹਾਰ ਬੱਚੀ ਦੀ ਅਗਲੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ।
ਬਰਨਾਲਾ (ਖੇਤਰੀ ਪ੍ਰਤੀਨਿਧ): ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ ਦੀ ਜ਼ਿਲ੍ਹਾ ਬਰਨਾਲਾ ਦੀ ਇਕਾਈ ਨੇ ਅਮਨਜੋਤ ਕੌਰ ਸ਼ਹਿਣਾ ਅਤੇ ਹਰਪ੍ਰੀਤ ਕੌਰ ਧੌਲਾ, ਸੁਖਜੀਤ ਕੌਰ ਧੌਲਾ ਅਤੇ ਗਗਨਦੀਪ ਕੌਰ ਰਾਏਸਰ ਨੂੰ ਸਨਮਾਨ ਚਿੰਨ੍ਹ ਅਤੇ ਉੱਚ ਸਿੱਖਿਆ ਲਈ ਮਾਰਗਦਰਸ਼ਕ ਕਿਤਾਬਾਂ ਦੇ ਕੇ ਸਨਮਾਨਿਆ। ਡੈਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਸਕੱਤਰ ਰਾਜੀਵ ਕੁਮਾਰ, ਖ਼ਜ਼ਾਨਚੀ ਰਮੇਸ਼ਵਰ ਲਾਲ, ਮਾਲਵਿੰਦਰ ਸਿੰਘ ਬਰਨਾਲਾ, ਜਗਜੀਤ ਸਿੰਘ ਠੀਕਰੀਵਾਲਾ, ਸਤਪਾਲ ਬਾਂਸਲ ਤਪਾ, ਰਘਵੀਰ ਚੰਦ ਕਰਮਗੜ੍ਹ, ਅੰਮ੍ਰਿਤਪਾਲ, ਦਵਿੰਦਰ ਸਿੰਘ ਤਲਵੰਡੀ, ਗਜਿੰਦਰ ਸਿੰਘ ਨੇ ਵਿਦਿਆਰਥਣਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ।
ਕੁੰਵਰਵੀਰ ਸਿੰਘ ਦੀ ਹੌਸਲਾ-ਅਫ਼ਜਾਈ ਲਈ ਪੁੱਜੇ ਵਿਧਾਇਕ
ਕਾਲਾਂਵਾਲੀ (ਪੱਤਰ ਪ੍ਰੇਰਕ): ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵੱਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾਂਵਾਲੀ ਦੇ ਵਿਦਿਆਰਥੀ ਕੁੰਵਰਵੀਰ ਸਿੰਘ ਨੇ ਸਾਇੰਸ ਵਿੱਚ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਬਲਾਕ ਔਂਢਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਹੋਣਹਾਰ ਵਿਦਿਆਰਥੀ ਕੁੰਵਰਵੀਰ ਸਿੰਘ ਦਾ ਹੌਸਲਾ ਵਧਾਉਣ ਲਈ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਉਨ੍ਹਾਂ ਦੇ ਘਰ ਪੁੱਜੇ। ਇਸ ਮੌਕੇ ਕਾਂਗਰਸ ਦੇ ਨਗਰ ਪ੍ਰਧਾਨ ਓਮ ਪ੍ਰਕਾਸ਼ ਲੁਹਾਣੀ, ਪਿੰਡ ਤਿਲੋਕੇਵਾਲਾ ਦੇ ਸਰਪੰਚ ਸਤਿੰਦਰਜੀਤ ਸਿੰਘ ਸੋਨੀ ਵੀ ਹਾਜ਼ਰ ਸਨ।
ਸਕੂਲਾਂ ਦੇ ਨਤੀਜੇ ਸ਼ਾਨਦਾਰ
ਭਾਈਰੂਪਾ (ਪੱਤਰ ਪ੍ਰੇਰਕ): ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਦੱਸਿਆ ਕਿ ਖੁਸ਼ਦੀਪ ਕੌਰ ਨੇ 90.4 ਫ਼ੀਸਦੀ, ਲਵਪ੍ਰੀਤ ਕੌਰ 89.5 ਅਤੇ ਅਮਨਦੀਪ ਕੌਰ ਨੇ 89.5 ਫ਼ੀਸਦੀ ਅੰਕ ਕੀਤੇ। ਇਸ ਮੌਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਜਸਵੀਰ ਸਿੰਘ, ਸੋਨੀ ਕੁਮਾਰ ਕਾਂਗੜ, ਲੈਕ. ਕੁਲਵੰਤ ਸਿੰਘ, ਲੈਕ. ਗੁਰਪ੍ਰੀਤ ਚੋਪੜਾ, ਸਰਬਜੀਤ ਕੌਰ, ਜਸਪ੍ਰੀਤ ਕੌਰ, ਵਿੰਦਰਪਾਲ ਕੌਰ ਤੇ ਰੀਤੂ ਸੋਢੀ ਹਾਜ਼ਰ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਤੇ ਉਰਮਿਲਾ ਧੀਰ ਤੇ ਪ੍ਰਿੰਸੀਪਲ ਜਸਪਾਲ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ, ਸੁਖਪ੍ਰੀਤ ਕੌਰ ਤੇ ਸੁਖਪਾਲ ਕੌਰ ਰਾਮ ਨੇ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਚਾਉਕੇ (ਪੱਤਰ ਪ੍ਰੇਰਕ): ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਦੇ ਕਾਮਰਸ ਗਰੁੱਪ ਵਿੱਚੋਂ ਸਨੂੰ ਨੇ 416, ਰਾਜਵੀਰ ਕੌਰ 412 ਤੇ ਗੁਰਵੀਰ ਕੌਰ 407 ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚੋਂ ਅੰਮ੍ਰਿਤਪਾਲ ਕੌਰ 409, ਕਿਰਨਜੌਤ ਕੌਰ 407, ਡਿੰਪਲਜੌਤ ਕੌਰ ਤੇ ਅਮਨਦੀਪ ਕੌਰ ਨੇ 403 ਅੰਕ ਪ੍ਰਾਪਤ ਕੀਤੇ। ਸਾਇੰਸ ਗਰੁੱਪ ਲਵਦੀਪ ਕੌਰ ਨੇ 369, ਜਸਨਪ੍ਰੀਤ ਕੋਰ ਨੇ 345, ਸਿਮਰਨਜੀਤ ਕੌਰ ਨੇ 336 ਅੰਕ ਪ੍ਰਾਪਤ ਕੀਤੇ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐੱਮਡੀ ਗੁਰਬਿੰਦਰ ਸਿੰਘ ਬੱਲੀ, ਡਾਇਰੈਕਟਰ ਸੁਖਦੀਪ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਅਤੇ ਸਟਾਫ ਨੂੰ ਮੁਬਾਰਕਬਾਦ ਦਿੱਤੀ।