ਮਨੋਜ ਸ਼ਰਮਾ
ਬਠਿੰਡਾ, 24 ਅਗਸਤ
ਅੱਜ ਬਠਿੰਡਾ ਕੋਰਟ ਕੰਪਲੈਕਸ ਵਿੱਚ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਅਦਾਲਤੀ ਹੱਤਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੇਸ਼ ਅੰਦਰ ਮਾਣਹਾਨੀ ਵਾਲਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੁੱਟੀ ਨੇ ਕਿਹਾ ਪ੍ਰਸ਼ਾਂਤ ਭੂਸ਼ਨ ਨੇ ਸੱਚ ਦੀ ਆਵਾਜ਼ ’ਤੇ ਪਹਿਰਾ ਦਿੱਤਾ ਹੈ, ਇਸ ਲਈ ਬਠਿੰਡਾ ਬਾਰ ਐਸੋਸੀਏਸ਼ਨ ਪ੍ਰਸ਼ਾਂਤ ਭੂਸ਼ਨ ਦੇ ਨਾਲ ਖੜ੍ਹੀ ਹੈ। ਇਸ ਮੌਕੇ ਵਕੀਲ ਤਜਿੰਦਰ ਰਾਏ ਖੱਟੜ ਤੇ ਐੱਨ ਕੇ ਜੀਤ ਨੇ ਕਿਹਾ ਕਿ ਧਾਰਾ 370 ਅਤੇ ਮਾਈ ਗਰੇਟ ਲੇਬਰ ਵਾਲੇ ਮੁੱਦੇ ’ਤੇ ਸੁਪਰੀਮ ਕੋਰਟ ਨੂੰ ਸ਼ੀਸ਼ਾ ਦਿਖਾਉਣ ਵਾਲੇ ਵਕੀਲ ਦਾ ਉਹ ਸਮਰਥਨ ਕਰਦੇ ਹਨ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ‘ਹਮ ਦੇਖੇਂਗੇ’ ਮੁਹਿੰਮ ਨੇ ਵੀ ਜ਼ੋਰ ਫੜਿਆ ਹੋਇਆ ਹੈ। ਅੱਜ ਮੁਜ਼ਾਹਰੇ ਵਿੱਚ ਨਵਦੀਪ ਸਿੰਘ ਜੀਦਾ, ਜਗਮੀਤ ਸਿੰਘ ਤੇ ਸੀਮਾ ਸ਼ਰਮਾ ਨੇ ਸੰਬੋਧਨ ਕੀਤਾ।