ਮਨੋਜ ਸ਼ਰਮਾ
ਬਠਿੰਡਾ, 5 ਫਰਵਰੀ
ਬਸੰਤ ਪੰਚਮੀ ਮੌਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਬਠਿੰਡਾ ਵਿੱਚ ਆਪੋ ਆਪਣੇ ਪਤੰਗ ਚੜ੍ਹਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਰੱਖਿਆ। ਬਠਿੰਡੇ ਦੇ ਬਾਜ਼ਾਰਾਂ ਵਿੱਚ ਪਤੰਗਬਾਜ਼ਾਂ ਦੀ ਭੀੜ ਲੱਗੀ ਰਹੀ। ਬਠਿੰਡਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਤੰਗਾਂ ਵੇਚਣ ਵਾਲਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣੇ ਸਮਰਥਕਾਂ ਨਾਲ ਪਤੰਗ ਉਡਾਏ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੇ ਆਪੋ ਆਪਣੇ ਤਸਵੀਰਾਂ ਵਾਲੇ ਪਤੰਗਾਂ ਨਾਲ ਨਾਲ ਅਨੋਖਾ ਪ੍ਰਚਾਰ ਕੀਤਾ। ਵਿਧਾਨ ਸਭਾ ਚੋਣਾਂ 2022 ਵਿੱਚ ਕਿਸ ਪਾਰਟੀ ਦਾ ਪਤੰਗ ਉੱਚਾ ਉੱਡੇਗਾ ਤੇ ਕਿਸ ਪਾਰਟੀ ਦਾ ਕੱਟੇਗਾ ਇਹ ਤਾਂ ਹਾਲੇ ਭਵਿੱਖ ਦੇ ਗਰਭ ਵਿੱਚ ਹੈ ਜਿਸ ਦੀ ਡੋਰ ਬਠਿੰਡਾ ਵਾਸੀਆਂ ਦੇ ਹੱਥ ਹੈ।
ਮਾਲਵੇ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਬਠਿੰਡਾ ਵਿੱਚ ਅੱਜ ਪਤੰਗਬਾਜ਼ਾਂ ਵੱਲੋਂ ਵੱਡੀ ਪੱਧਰ ’ਤੇ ਪਤੰਗ ਖਰੀਦੇ ਗਏ ਉੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਵੀ ਆਪੋ ਆਪਣੀਆਂ ਪਾਰਟੀਆਂ ਦੇ ਪਤੰਗ ਛਪਵਾ ਕੇ ਵੋਟਰਾਂ ਨੂੰ ਵੰਡੇ ਗਏ ਬਠਿੰਡਾ ਵਿੱਚ ਬਸੰਤ ਮੌਕੇ ਪਤੰਗ ਚੜ੍ਹਾਉਣ ਵਾਲੇ ਵੋਟਰ ਭਾਰੀ ਉਤਸ਼ਾਹ ਵਿੱਚ ਨਜ਼ਰ ਆ ਰਹੇ ਹਨ। ਸ਼ਹਿਰ ਵਿਚ ਬਾਦਲਾਂ ਦੀ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ਗੂੰਜ ਰਹੀ ਹ। ਜਿੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਹੱਕ ਵਿੱਚ ਗੇੜੇ ਮਾਰ ਰਹੇ ਹਨ। ਉੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਇਸ ਸੀਟ ’ਤੇ ਦੁਬਾਰਾ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਆਪਣੇ ਪੁੱਤਰ ਅਰਜੁਨ ਬਾਦਲ, ਬੇਟੀ ਰੀਆ ਬਾਦਲ ਤੇ ਪਤਨੀ ਵੀਨੂੰ ਬਾਦਲ ਸਮੇਤ ਪੂਰੇ ਪਰਿਵਾਰ ਦੀ ਤਾਕਤ ਝੋਕੀ ਹੋਈ ਹੈ। ਬਠਿੰਡਾ ਵਿੱਚ ਕਾਂਗਰਸ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ। ਜਦੋਂ ਕਿ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਸਮੇਤ ਸੰਯੁਕਤ ਮੋਰਚੇ ਵੱਲੋਂ ਵੀ ਉਮੀਦਵਾਰ ਉਤਾਰਿਆ ਗਿਆ ਹੈ।
ਮਨਪ੍ਰੀਤ ਬਾਦਲ ਆਪਣੇ ਚੋਣ ਜਲਸਿਆਂ ਵਿੱਚ ਦਾਅਵਾ ਕਰਦੇ ਹਨ ਕਿ ਸ਼ਹਿਰ ਦੀ ਰਿੰਗ ਰੋਡ ਬਰਨਾਲਾ ਬਾਈਪਾਸ ਤੋਂ ਸ਼ਹਿਰ ਦੇ ਆਈਟੀਆਈ ਚੌਕ ਤੱਕ 95 ਕਰੋੜ ਦੀ ਲਾਗਤ ਨਾਲ ਨੇਪਰੇ ਚਾੜ੍ਹ ਕੇ ਬਠਿੰਡਾ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਈ। ਇਸ ਤੋਂ ਇਲਾਵਾ ਹੋਰ ਵਿਕਾਸ ਕਾਰਜਾਂ ਦੇ ਵੇਰਵੇ ਦੇ ਕੇ ਚੋਣ ਪ੍ਰਚਾਰ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਸਿੰਗਲਾ ਦਾ ਕਹਿਣਾ ਹੈ। ਕਿ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਲਈ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ। ਗਲੀਆ ਨਾਲੀਆਂ, ਸਕੂਲਾਂ ਦੀ ਉਸਾਰੀ ਸਰਕਾਰਾਂ ਦੇ ਰੁਟੀਨ ਕੰਮ ਹੁੰਦੇ ਹਨ ਉਨ੍ਹਾਂ ਕਿਹਾ ਕਿ ਬਾਦਲ ਨੇ ਬਠਿੰਡਾ ਦੀ ਭਾਈਚਾਰਕ ਸਾਂਝ ਖ਼ਤਮ ਕੀਤੀ ਹੈ, ਵਿਰੋਧੀ ਧਿਰ ਦੀ ਕਦੇ ਕੋਈ ਗੱਲ ਨਹੀਂ ਮੰਨੀ, ਉਨ੍ਹਾਂ ਇਥੋਂ ਤੱਕ ਕਿਹਾ ਦਿੱਤਾ ਕਿ ਬਠਿੰਡਾ ਵਾਸੀਆਂ ਵਿਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਕੀਤਾ ਹੈ।
ਆਪ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਦੀ ਬਠਿੰਡਾ ਲਈ ਕੋਈ ਵੱਡੀ ਪ੍ਰਾਪਤੀ ਨਹੀਂ ਹੈ ਉਨ੍ਹਾਂ ਕਿਹਾ ਰੁਟੀਨ ਦੇ ਕੰਮਾਂ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ। ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਰਾਜ ਨੰਬਰਦਾਰ ਕਹਿ ਰਹੇ ਹਨ ਕਿ ਨਾ ਡਰ ਨਾ ਭ੍ਰਿਸ਼ਟਾਚਾਰ ਇਸ ਵਾਰ ਰਾਜ ਨੰਬਰਦਾਰ।
ਸ਼ਹਿਰ ’ਚ ਰੌਲਾ ਰੱਪਾ, ਡੀਜੇ ਲਾ ਕੇ ਲੋਕਾਂ ਨੇ ਪਾਏ ਭੰਗੜੇ
ਸ਼ਹਿਰ ਵਿੱਚ ਬਸੰਤ ਪੰਚਮੀ ਮੌਕੇ ਪੁਲੀਸ ਮੂਕ ਦਰਸ਼ਕ ਬਣੀ ਰਹੀ ਅਤੇ ਵੱਡੀ ਪੱਧਰ ਤੇ ਕੋਠਿਆਂ ’ਤੇ ਖੜ੍ਹੇ ਨੌਜਵਾਨਾਂ ਨੇ ਮਸਤੀ ਨਾਲ ਪਤੰਗ ਉਡਾਏ ਅਤੇ ਡੀਜੇ ਲਾ ਕੇ ਗਾਣੇ ਗਾਏ ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਜਿੱਥੇ ਚੀਨੀ ਡੋਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਉਥੇ ਇੱਕਾ-ਦੁੱਕਾ ਨੌਜਵਾਨਾਂ ਦੇ ਚੀਨੀ ਡੋਰ ਨਾਲ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਹਨ। ਸ਼ਹਿਰ ਵਿੱਚ ਪਤੰਗਾਂ ਦੀਆਂ ਦੁਕਾਨਾਂ ’ਤੇ ਭੀੜ ਰਹੀ। ਬਿਜਲੀ ਜਾਣ ਤੋਂ ਬਾਅਦ ਲੋਕਾਂ ਨੇ ਜਨਰੇਟਰਾਂ ਦੀ ਗੂੰਜ ਅਤੇ ਬੋਅ ਕਾਟਾ, ਬੋਅ ਕਾਟਾ ਬੋਲਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਇਕ ਨੌਂ ਸਾਲ ਦੀ ਬੱਚੀ ਨੂੰ ਕਰੰਟ ਲੱਗ ਗਿਆ। ਬਠਿੰਡਾ ਪੁਲੀਸ ਚੀਨੀ ਡੋਰ ਫੜਨ ਵਿੱਚ ਬੇਵੱਸ ਨਜ਼ਰ ਆਈ ਜਦੋਂ ਕਿ ਐੱਸਐੱਸਪੀ ਬਠਿੰਡਾ ਵੱਲੋਂ ਬਕਾਇਦਾ ਹਦਾਇਤ ਜਾਰੀ ਕੀਤੀ ਗਈ ਸੀ।
ਵਿਰੋਧੀਆਂ ਦੀ ਗੁੱਡੀ 20 ਫਰਵਰੀ ਤੋਂ ਪਹਿਲਾਂ ਹੀ ਕੱਟੀ: ਰਾਜਾ ਵੜਿੰਗ
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ‘‘ਲੋਕਾਂ ਨੇ ਵਿਰੋਧੀਆਂ ਦੀ ਗੁੱਡੀ 20 ਫਰਵਰੀ ਤੋਂ ਪਹਿਲਾਂ ਹੀ ਕੱਟ ਦਿੱਤੀ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੇਰ ਸ਼ਾਮ ਸਥਾਨਕ ਵਾਰਡ ਨੰਬਰ 4 ਵਿਖੇ ਝੋਂਪੜੀਆਂ ਵਿੱਚ ਬੱਚਿਆਂ ਨਾਲ ਬਸੰਤ ਪੰਚਮੀ ਦੇ ਤਿਓਹਾਰ ਮੌਕੇ ਪਤੰਗ ਉਡਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਇਕੱਠੇ ਹੋ ਕੇ ਉਨ੍ਹਾਂ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਵਾਹਿਗੁਰੂ ਦੇ ਅਸ਼ੀਰਵਾਦ ਅਤੇ ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਉਹ ਇਕ ਵਾਰ ਫ਼ਿਰ ਤੋਂ ਗਿੱਦੜਬਾਹਾ ਸੀਟ ਜਿੱਤਣ ਵਿੱਚ ਕਾਮਯਾਬ ਹੋਣਗੇ। ਉਨ੍ਹਾ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਉਨ੍ਹਾਂ ਨੂੰ ਮਿਲ ਰਿਹਾ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਇਕ ਵਾਰ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ ਅਤੇ 20 ਫਰਵਰੀ ਨੂੰ ਪੰਜਾਬ ਦੇ ਲੋਕ ਇਕ ਵਾਰ ਫਿਰ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣਗੇ।