ਪੱਤਰ ਪ੍ਰੇਰਕ
ਬਠਿੰਡਾ, 17 ਨਵੰਬਰ
ਥੈਲੇਸੀਮੀਆ ਤੋਂ ਪੀੜਤ 11 ਸਾਲ ਦੇ ਇੱਕ ਹੋਰ ਬੱਚੇ ਦੀ ਰਿਪੋਰਟ ਐਚਆਈਵੀ ਪਾਜ਼ੇਟਿਵ ਆਈ ਹੈ ਜਿਸ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ ਹਨ ਤੇ ਆਮ ਲੋਕਾਂ ’ਚ ਡਰ ਦਾ ਮਹੌਲ ਹੈ। ਅੱਜ ਇਸ ਬੱਚੇ ਨੂੰ ਛੇ ਹੋਰ ਬੱਚਿਆਂ ਸਮੇਤ ਸਿਵਲ ਹਸਪਤਾਲ ’ਚ ਰੁਟੀਨ ਵਜੋਂ ਖੂਨ ਚੜਾਉਣ ਲਈ ਲਿਆਂਦਾ ਗਿਆ ਸੀ। ਖੂਨ ਚੜ੍ਹਾਉਣ ਤੋਂ ਪਹਿਲਾਂ ਜਦੋਂ ਬੱਚਿਆਂ ਦਾ ਐਚਆਈਵੀ ਟੈਸਟ ਕਰਵਾਇਆ ਗਿਆ ਤਾਂ ਛੇ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ, ਜਦੋਂ ਕਿ 11 ਸਾਲਾ ਬੱਚੇ ਦੀ ਰਿਪੋਰਟ ਪਾਜ਼ੇਟਿਵ ਆਈ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕੀਤਾ ਗਿਆ ਹੈ। ਬੱਚਿਆਂ ਦੀ ਐਚਆਈਵੀ ਪਾਜ਼ੇਟਿਵ ਰਿਪੋਰਟ ਦਾ ਜ਼ਿਲ੍ਹੇ ਵਿੱਚ ਇਹ ਤੀਸਰਾ ਮਾਮਲਾ ਹੈ । ਐਚਆਈਵੀ ਖ਼ੂਨ ਚੜ੍ਹਨ ਵਾਲਾ ਬੱਚਾ ਤਲਵੰਡੀ ਦੇ ਸ਼ੇਖਪੁਰਾ ਪਿੰਡ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਨੂੰ ਥੈਲੇਸੀਮੀਆ ਸੋਸਾਇਟੀ ਨੇ ਗੋਦ ਲਿਆ ਹੋਇਆ ਹੈੇ।
ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਕਾਰਨ ਹਸਪਤਾਲ ਪ੍ਰਸ਼ਾਸਨ ਦੇ ਨਾਲ ਨਾਲ ਬਲੱਡ ਬੈਂਕ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੋਸ਼ ਲਾਏ ਕਿ ਬਲੱਡ ਬੈਂਕ ਦੇ ਇਸ ਗਲਤ ਕਾਰਨਾਮੇ ਕਾਰਨ ਸ਼ਹਿਰ ਵਿਚ ਡਰ ਦਾ ਮਾਹੌਲ ਹੈ। ਸਮਾਜਿਕ ਸੰਸਥਾਵਾਂ ਨੇ ਮਾਮਲੇ ਦੀ ੳੱੁੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਐਸਐਮਓ ਮਨਿੰਦਰਪਾਲ ਸਿੰਘ ਨੇ ਅਗਲੀ ਕਾਰਵਾਈ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖਣ ਦਾ ਫੈਸਲਾ ਲਿਆ ਹੈ।