ਪੱਤਰ ਪ੍ਰੇਰਕ
ਬਠਿੰਡਾ, 21 ਸਤੰਬਰ
ਬਠਿੰਡਾ ਨਗਰ ਨਿਗਮ ਦੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਐੱਫ਼ ਐਂਡ ਸੀਸੀ ਦੀ ਮੀਟਿੰਗ ਵਿੱਚ ਅੱਜ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚਹੇਤੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਜਦਕਿ ਇੱਕ ਪ੍ਰਾਜੈਕਟ ਨੂੰ ਜਰਨਲ ਹਾਊਸ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਲਈ ਰੱਖ ਲਿਆ ਗਿਆ ਹੈ। ਅੱਜ ਐੱਫ਼ ਐਂਡ ਸੀਸੀ ਦੀ ਮੀਟਿੰਗ ਮੇਅਰ ਰਮਨ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਸਮੇਤ ਡਿਪਟੀ ਮੇਅਰ ਕੌਂਸਲਰ ਮੌਜੂਦ ਸਨ। ਅੱਜ 31 ਕਰੋੜ ਦੇ ਵਰਕ ਆਰਡਰ ਜਾਰੀ ਕੀਤੇ ਗਏ ਜਦਕਿ 2 ਕਰੋੜ 67 ਲੱਖ ਰੁਪਏ ਦੇ ਐਸਟੀਮੇਟ ਪਾਸ ਕੀਤੇ ਗਏ। ਵਿੱਤ ਮੰਤਰੀ ਦੇ ਚਹੇਤੇ ਪ੍ਰਾਜੈਕਟ ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਬਣਨ ਵਾਲਾ ਇਨਡੋਰ ਆਡੀਟੋਰੀਅਮ, ਆਊਟ ਡੋਰ ਥੀਏਟਰ ਅਤੇ ਸਟੇਟ ਆਫ਼ ਦਿ ਆਰਟ ਡਿਸਪਲੇਅ ਮਿਊਜ਼ਮ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਬਠਿੰਡਾ ਕਾਰਪੋਰੇਸ਼ਨ ਨੂੰ ਸੌਂਪੀ ਸੀ।