ਸ਼ਗਨ ਕਟਾਰੀਆ
ਬਠਿੰਡਾ, 31 ਦਸੰਬਰ
ਇੱਥੇ ਮਿੰਨੀ ਸਕੱਤਰੇਤ ਅੱਗੇ ਪੱਕਾ ਮੋਰਚਾ ਲਾਈ ਬੈਠੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਨੇ ਸਕੱਤਰੇਤ ਦੇ ਚਾਰੇ ਗੇਟ ਬੰਦ ਕਰ ਦਿੱਤੇ ਹਨ। ਸਿੱਟੇ ਵਜੋਂ ਜ਼ਿਲ੍ਹਾ ਅਧਿਕਾਰੀ ਦਫ਼ਤਰਾਂ ਦੇ ਅੰਦਰ ਘਿਰ ਗਏ ਹਨ। ਆਗੂਆਂ ਦਾ ਕਹਿਣਾ ਹੈ ਕਿ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਿਰਫ ਐਲਾਨ ਕੀਤੇ ਜਾਂਦੇ ਹਨ ਜਦ ਕਿ ਕੋਈ ਵੀ ਐਲਾਨ ਜਾਂ ਵਾਅਦਾ ਲਾਗੂ ਨਹੀਂ ਹੋਇਆ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਅੰਦੋਲਨਕਾਰੀ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਪੁਲੀਸ ਕੇਸ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰ ਅਮਲੀ ਰੂਪ ’ਚ ਹਾਲੇ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਕਤੂਬਰ ਵਿੱਚ ਆਖਿਆ ਸੀ ਕਿ ਨਰਮੇ ਦੀ ਫ਼ਸਲ ਦੇ ਹੋਏ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਸੱਥਾਂ ਵਿੱਚ ਲਿਸਟਾਂ ਲਾ ਦਿੱਤੀਆਂ ਜਾਣਗੀਆਂ ਪਰ ਤਿੰਨ ਮਹੀਨੇ ਲੰਘਣ ’ਤੇ ਵੀ ਕਿਸਾਨਾਂ ਨੂੰ ਉਨ੍ਹਾਂ ਦੇ ਫ਼ਸਲ ਦੇ ਖਰਾਬੇ ਦੇ ਲਾਭਪਾਤਰੀਆਂ ਦੀਆਂ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ।
ਉਹ ਮੰਗ ਕਰ ਰਹੇ ਹਨ ਕਿ ਨਰਮੇ ਦੇ ਮੁਆਵਜ਼ੇ ਸਬੰਧੀ ਪੰਜ ਏਕੜ ਤੱਕ ਮੁਆਵਜ਼ਾ ਦੇਣ ਦੀ ਸ਼ਰਤ ਹਟਾਈ ਜਾਵੇ। ਕਿਸਾਨਾਂ ਖ਼ਿਲਾਫ਼ ਅੰਦੋਲਨ ਸਮੇਂ ਅਤੇ ਪਰਾਲੀ ਸਾੜਨ ਸਬੰਧੀ ਦਰਜ ਪੁਲੀਸ ਕੇਸ ਰੱਦ ਕੀਤੇ ਜਾਣ। ਨਰਮੇ ਦੀ ਤਬਾਹ ਹੋਈ ਫ਼ਸਲ ਦੀਆਂ ਲਿਸਟਾਂ ਤੁਰੰਤ ਲਾ ਕੇ ਸਾਰੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ, ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਰਹਿੰਦੀਆਂ ਮੰਗਾਂ ਬਾਰੇ ਸਰਕਾਰ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਹੱਲ ਕਰੇ। ਅੱਜ ਮੋਰਚੇ ਦੇ 12ਵੇਂ ਦਿਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ, ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖ਼ਾਨਾ, ਪਰਮਜੀਤ ਕੌਰ ਪਿੱਥੋ ਤੇ ਪਰਮਜੀਤ ਕੌਰ ਕੋਟੜਾ ਹਾਜ਼ਰ ਹਨ।