ਸ਼ਗਨ ਕਟਾਰੀਆ
ਬਠਿੰਡਾ, 24 ਨਵੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਖ਼ਿਲਾਫ਼ ਕਸੇ ਸ਼ਿਕੰਜੇ ਦੀਆਂ ਚੂੜੀਆਂ ਨੂੰ ਹੋਰ ਗੇੜਾ ਦੇਣ ਲਈ ਅੱਜ ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਮੈਦਾਨ ਵਿਚ ਨਿੱਤਰੀ। ਵੱਡੇ ਘਰਾਣੇ ਦੀ ਟਰਾਂਸਪੋਰਟ ਵੱਲੋਂ ਨਵੇਂ ਟਾਈਮ ਟੇਬਲ ਨੂੰ ਪਾਸੇ ਕਰਕੇ ਪੁਰਾਣੇ ਸਮੇਂ ਅਨੁਸਾਰ ਚਲਾਈਆਂ ਜਾ ਰਹੀਆਂ ਬੱਸਾਂ ਵਿਰੁੱਧ ਯੂਨੀਅਨ ਦੇ ਵਰਕਰਾਂ ਨੇ ਇੱਥੇ ਬੱਸ ਅੱਡੇ ’ਤੇ ਧਰਨਾ ਲਾ ਕੇ ਲਾਰੀਆਂ ਦਾ ਚੱਕਾ ਜਾਮ ਕਰ ਦਿੱਤਾ।
ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਨੇ ਦੋਸ਼ ਲਾਇਆ ਕਿ ਬਗ਼ੈਰ ਟੈਕਸ ਭਰਿਆਂ ਨਿੱਜੀ ਬੱਸ ਅਪਰੇਟਰ ਧੱਕੇ ਨਾਲ ਮਨਮਰਜ਼ੀ ਦਾ ਟਾਈਮ ਟੇਬਲ ਬਣਾ ਕੇ ਬੱਸਾਂ ਨੂੰ ਅੱਡੇ ਤੋਂ ਤੋਰ ਰਹੇ ਹਨ। ਉਨ੍ਹਾਂ ਕਿਹਾ ਨਵੇਂ ਨਿਯਮਾਂ ਮੁਤਾਬਿਕ ਪ੍ਰਾਈਵੇਟ ਅਪਰੇਟਰ ਹਾਕਰ ਨਹੀਂ ਰੱਖ ਸਕਦੇ ਅਤੇ ਬੱਸਾਂ ’ਚ ਵੀ ਡਰਾਈਵਰ-ਕੰਡਕਟਰ ਤੋਂ ਇਲਾਵਾ ਤੀਜੇ ਬੰਦੇ ਦੀ ਮਨਾਹੀ ਹੈ ਪਰ ਇਸ ਦੇ ਉਲਟ ਬਠਿੰਡਾ ਬੱਸ ਅੱਡੇ ’ਤੇ ਹਾਕਰ ਆਵਾਜ਼ਾਂ ਮਾਰ ਰਹੇ ਹਨ ਅਤੇ ਬੱਸਾਂ ਵਿਚ ਡਰਾਈਵਰ-ਕੰਡਕਟਰ ਤੋਂ ਇਲਾਵਾ ਦੋ ਜਾਂ ਤਿੰਨ ਬੰਦੇ ਚੜ੍ਹੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੀਤੇ ਦਿਨ ਬੰਦ ਕੀਤੀਆਂ ਬੱਸਾਂ ਛੱਡਣ ਮਗਰੋਂ ਇਹ ਬੱਸਾਂ ਅੱਡਿਆਂ ਵਿਚ ਅੱਪੜ ਗਈਆਂ। ਟਰਾਂਸਪੋਰਟਰਾਂ ਦੇ ਕਰਿੰਦੇ ਇਨ੍ਹਾਂ ਨੂੰ ਮਨਮਰਜ਼ੀ ਦੇ ਟਾਈਮ ਮੁਤਾਬਿਕ ਮੰਜ਼ਿਲਾਂ ਵੱਲੋਂ ਤੋਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਵਿਰੋਧ ’ਚ ਧਰਨਾ ਦਿੱਤਾ ਗਿਆ ਹੈ। ਯੂਨੀਅਨ ਪੰਜਾਬ ’ਚ ਕਿਤੇ ਵੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਅਤੇ ਲੋੜ ਪਈ ਤਾਂ ਪੰਜਾਬ ਵਿਚਲੇ ਸਾਰੇ 27 ਸਰਕਾਰੀ ਡਿੱਪੂ ਬੰਦ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਦੌਰਾਨ ਬੱਸ ਅੱਡੇ ’ਚ ਆਵਾਜਾਈ ਬੰਦ ਹੋ ਗਈ ਅਤੇ ਬੱਸਾਂ ਬਾਹਰੋਂ ਹੀ ਸਵਾਰੀਆਂ ਚੜ੍ਹਾ ਤੇ ਉਤਾਰ ਕੇ ਅੱਗੇ ਵਧਦੀਆਂ ਰਹੀਆਂ। ਬੱਸ ਅੱਡੇ ਨੇੜਲੀਆਂ ਸੜਕਾਂ ’ਤੇ ਦੂਰ-ਦੂਰ ਤੱਕ ਟ੍ਰੈਫ਼ਿਕ ਜਾਮ ਹੋ ਗਿਆ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਵੱਡੀ ਗਿਣਤੀ ਵਿਚ ਪੁਲੀਸ ਨਫ਼ਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਧਰਨਾ ਸਥਾਨ ’ਤੇ ਪੁੱਜ ਗਏ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅੱਗੇ ਤੋਂ ਬੱਸਾਂ ਨਵੇਂ ਟਾਈਮ ਟੇਬਲ ਮੁਤਾਬਿਕ ਚੱਲਣਗੀਆਂ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਭਰੋਸਾ ਮਿਲਣ ’ਤੇ ਯੂਨੀਅਨ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।