ਮਨੋਜ ਸ਼ਰਮਾ
ਬਠਿੰਡਾ, 1 ਨਵੰਬਰ
ਜ਼ਿਲ੍ਹਾ ਬਠਿੰਡਾ ਤੋਂ ਅੱਧੀ ਦਰਜਨ ਪਿੰਡਾਂ ਨੂੰ ਪਾਣੀ ਦੀ ਸਪਲਾਈ ਦਿੰਦੇ ਰਜਵਾਹੇ ਵਿੱਚ ਗੰਦੇ ਨਾਲੇ ਦਾ ਪਾਣੀ ਮਿਕਸ ਹੋਣ ਦਾ ਮਾਮਲਾ ਸਾਹਮਣੇ ਆਉਣ ਕਾਰਨ ਨਹਿਰੀ ਵਿਭਾਗ ਦੀ ਨਾਲਾਇਕੀ ਸਾਹਮਣੇ ਆਈ ਹੈ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਗਿੱਲ ਤੇ ਨਰੂਆਣਾ ਪਿੰਡ ਦੇ ਗੁਰਪ੍ਰੀਤ ਸਿੰਘ ਬਿੰਦਰ ਸਿੰਘ ਕਹਿਣਾ ਹੈ ਕਿ ਨਹਿਰਬੰਦੀ ਹੋਣ ਕਾਰਨ ਅਤੇ ਰਜਵਾਹੇ ਸੁੱਕੇ ਹੋਣ ਕਾਰਨ ਇਹ ਮਾਮਲਾ ਉਜਾਗਰ ਹੋਇਆ ਹੈ। ਉਨ੍ਹਾਂ ਨਹਿਰੀ ਵਿਭਾਗ ਤੇ ਗਿਲਾ ਜ਼ਾਹਰ ਕੀਤਾ ਕਿ ਇਹ ਗੰਦੇ ਨਾਲੇ ਦਾ ਪਾਣੀ ਕਿੰਨੇ ਚਿਰ ਤੋਂ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ ਵਿਭਾਗ ਨੂੰ ਕੋਈ ਪਤਾ ਨਹੀਂ। ਬਠਿੰਡਾ ਰਜਵਾਹੇ ਦੇ ਸਮਾਨਾਂਤਰ ਬਠਿੰਡਾ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੇ ਸੀਵਰੇਜ ਵਾਲੇ ਪਾਣੀ ਦੀ ਨਿਕਾਸੀ ਲਈ ਇੱਕ ਗੰਦਾ ਨਾਲਾ ਕੱਢਿਆ ਗਿਆ ਹੈ ਜਿਸ ਦੀ ਲੀਕੇਜ ਰਜਵਾਹੇ ਵਿੱਚ ਹੋ ਰਹੀ ਹੈ। ਅੱਜ ਜਦੋਂ ਲੰਘਦੇ ਰਾਹਗੀਰਾਂ ਵੱਲੋਂ ਜੱਸੀ ਪਿੰਡ ਦੇ ਪਹਿਲੇ ਮੋਘੇ ਦੇ ਥੱਲੇ ਗੰਦੇ ਪਾਣੀ ਦੀ ਲੀਕੇਜ ਦੇਖੀ ਗਈ ਤਾਂ ਨੌਜਵਾਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਨਹਿਰੀ ਵਿਭਾਗ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਵੱਲੋਂ ਭੇਜੇ ਗਏ ਗਏ ਕਾਮੇ ਪਾਲਾ ਸਿੰਘ ਅਤੇ ਗੁਰਦੀਪ ਸਿੰਘ ਨੇ ਇਸ ਨਾਲੇ ਨੂੰ ਲੋਕਾਂ ਦੀ ਹਾਜ਼ਰੀ ਵਿੱਚ ਬੰਦ ਕੀਤਾ। ਕਾਮਿਆਂ ਵੱਲੋਂ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਇਸ ਜਗ੍ਹਾ ਤੋਂ ਲੀਕੇਜ ਨੂੰ ਬਜਰੀ ਸੀਮਿੰਟ ਨਾਲ ਪੱਕੇ ਤੌਰ ’ਤੇ ਬੰਦ ਕਰ ਚੁੱਕੇ ਹਨ। ਨੌਜਵਾਨਾਂ ਨੇ ਦੱਸਿਆ ਕਿ ਜੱਸੀ ਪੌ ਵਾਲੀ ਪਿੰਡ ਤੋਂ ਇਲਾਵਾ ਗੁਰੂਸਰ ਸੈਣੇਵਾਲਾ, ਜੋਧਪੁਰ ਰੋਮਾਣਾ, ਬੀੜ ਤਲਾਬ, ਨਰੂਆਣਾ ਤੇ ਜੈ ਸਿੰਘ ਵਾਲਾ ਦੇ ਜਲ ਘਰਾਂ ਨੂੰ ਵੀ ਪਾਣੀ ਦੀ ਸਪਲਾਈ ਇਸੇ ਰਜਵਾਹੇ ਵਿੱਚੋਂ ਦਿੱਤੀ ਜਾਂਦੀ ਹੈ।
ਲੀਕੇਜ ਬੰਦ ਕਰਵਾਉਣ ਲਈ ਡਿਊਟੀ ਲਾਈ: ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਕਿਹਾ ਕਿ ਇਸ ਲੀਕੇਜ ਨੂੰ ਬੰਦ ਕਰਵਾਉਣ ਲਈ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਜਵਾਹੇ ਵਿੱਚੋਂ ਪਾਣੀ ਚੋਰੀ ਕਰਨ ਦਾ ਵੀ ਹੋ ਸਕਦਾ ਹੈ।