ਮਨੋਜ ਸ਼ਰਮਾ
ਬਠਿੰਡਾ, 16 ਸਤੰਬਰ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਅੱਜ ਦੂਸਰੇ ਦਿਨ ਇੱਥੋ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਵਲੋਂ ਹਸਪਾਤਲਾਂ ਵਿੱਚ ਆਪਣੀ ਡਿਊਟੀ ਦੌਰਾਨ ਬੇਹਤਰ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ ਦਿਹਾਤੀ ਅਮਿਤ ਰਤਨ, ਵਿਧਾਇਕ ਭੁੱਚੋਂ ਮਾਸਟਰ ਜਗਸੀਰ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤ ਲਾਲ ਅਗਰਵਾਲ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸਕੱਤਰ ਨੀਲ ਗਰਗ ਅਤੇ ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਅਨਿਲ ਠਾਕੁਰ ਹਾਜ਼ਰ ਸਨ। ਸ੍ਰੀ ਜੌੜਾਮਾਜਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਹਮੇਸ਼ਾ ਯਤਨਸ਼ੀਲ ਹੈ। ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ, ਲੋੜੀਂਦੀ ਮਸ਼ਨੀਰੀ ਤੋਂ ਇਲਾਵਾ ਡਾਕਟਰੀ ਅਮਲੇ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਮੌਸਮੀ ਬਿਮਾਰੀਆਂ ਤੋਂ ਰੋਕਥਾਮ ਲਈ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਬਠਿੰਡਾ ਦੇ ਹਸਪਤਾਲਾਂ ਨੂੰ ਨਮੂਨੇ ਦੇ ਹਸਪਤਾਲਾਂ ਵਜੋਂ ਵਿਕਸ਼ਤ ਕਰਕੇ ਮਾਲਵਾ ਖੇਤਰ ਦੇ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਦੇ ਐੱਸਐੱਮਓ ਡਾ. ਅਨਿਲ ਗੋਇਲ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਐਂਡਵਾਂਸ ਕੈਂਸਰ ਇੰਸਟੀਚਿਊਟ ਦਾ ਵੀ ਦੌਰਾ ਕੀਤਾ ਤੇ ਡਾ. ਪਰਮਿੰਦਰ ਸਿੰਘ ਸੰਧੂ ਦਾ ਸਨਮਾਨ ਕੀਤਾ। ਇੰਸਟੀਚਿਊਟ ਦੇ ਡਾਇਰੈਕਟਰ ਦੀਪਕ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਵਲੋਂ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਇਸ ਹਸਪਤਾਲ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਮੂਨੇ ਦੇ ਹਸਪਤਾਲ ਵਜੋਂ ਵਿਕਸਤ ਕੀਤਾ ਜਾਵੇਗਾ। ਮੰਤਰੀ ਨੇ ਘੁੱਦਾ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਅਤੇ ਐੱਸਐੱਮਓ ਡਾ. ਨਵਦੀਪ ਕੌਰ ਸਰਾ ਤੋਂ ਇਲਾਵਾ ਡਾਕਟਰੀ ਅਮਲਾ ਹਾਜ਼ਰ ਰਿਹਾ।
ਮਲੋਟ (ਲਖਵਿੰਦਰ ਸਿੰਘ): ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅੱਜ ਮਲੋਟ ਪੁੱਜੇ। ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ, ਡਾਕਟਰ ਸੁਨੀਲ ਕੁਮਾਰ ਬਾਂਸਲ, ਸਟਾਫ ਅਤੇ ਆਪ ਆਗੂਆਂ ਰਮੇਸ਼ ਕੁਮਾਰ ਅਰਨੀਵਾਲਾ, ਜਸਦੇਵ ਸਿੰਘ ਸੰਧੂ, ਜਸਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਔਲਖ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ।
ਮੰਤਰੀ ਦੇ ਧਿਆਨ ਵਿੱਚ ਸਰਕਾਰੀ ਹਸਪਤਾਲ ਮਲੋਟ ਦੀਆਂ ਕਈ ਸਮੱਸਿਆਵਾਂ ਲਿਆਂਦੀਆਂ ਗਈਆਂ, ਜਿਨ੍ਹਾਂ ਵਿਚ ਡਾਕਟਰਾਂ ਦੀ ਘਾਟ ਮੁੱਖ ਸਮੱਸਿਆ ਸੀ। ਇਸ ਉਪਰੰਤ ਸ੍ਰੀ ਜੌੜੇਮਾਜਰਾ ਵੱਲੋਂ ਸਾਰੇ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ।