ਮਨੋਜ ਸ਼ਰਮਾ/ ਰਾਜਿੰਦਰ ਸਿੰਘ ਮਰਾਹੜ
ਬਠਿੰਡਾ/ਭਗਤਾ ਭਾਈ, 29 ਅਪਰੈਲ
ਭਗਤਾ ਭਾਈ ਸ਼ਹਿਰ ਦੇ ਦਸਮੇਸ਼ ਬੱਸ ਅੱਡੇ ‘ਚ ਖੜ੍ਹੀਆਂ ਬੱਸਾਂ ਨੂੰ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ ਤਿੰਨ ਬੱਸਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ। ਇਸ ਘਟਨਾ ਦੌਰਾਨ ਬੱਸ ਵਿਚ ਸੁੱਤੇ ਕੰਡਕਟਰ ਦੀ ਵੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ। ਬੱਸ ਅੱਡੇ ‘ਚ ਹਰ ਰੋਜ਼ ਪ੍ਰਾਈਵੇਟ ਅਤੇ ਸਰਕਾਰੀ ਕਰੀਬ ਦਰਜਨ ਬੱਸਾਂ ਖੜ੍ਹਦੀਆਂ ਹਨ। ਬੀਤੀ ਰਾਤ ਸਾਢੇ ਦਸ ਵਜੇ ਦੇ ਕਰੀਬ ਅਚਾਨਕ ਬੱਸਾਂ ਨੂੰ ਅੱਗ ਲੱਗ ਗਈ। ਪਹਿਲਾਂ ਇਕ ਬੱਸ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਅੱਗ ਨੇ ਹੋਰ ਬੱਸਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਘਟਨਾ ਵਿਚ ਨਿਊ ਮਾਲਵਾ ਬੱਸ ਕੰਪਨੀ ਦੀਆਂ 2 ਅਤੇ ਜੀਬੀਐੱਸ ਬੱਸ ਸਰਵਿਸ ਦੀ ਇਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ, ਜਦਕਿ ਇਕ ਹੋਰ ਬੱਸ ਦਾ ਅਗਲਾ ਹਿੱਸਾ ਸੜ ਗਿਆ। ਇਸ ਘਟਨਾ ਦੌਰਾਨ ਬੱਸ ‘ਚ ਸੌਂ ਰਿਹਾ ਕੰਡਕਟਰ ਗੁਰਦੇਵ ਸਿੰਘ ਵੀ ਜ਼ਿੰਦਾ ਸੜ ਗਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਲਗਦਿਆਂ ਹੀ ਸਤਿਕਾਰ ਕਮੇਟੀ ਕੋਠਾ ਗੁਰੂ ਦੀਆਂ ਫਾਇਰ ਗੱਡੀ ਸਮੇਤ ਹੋਰ ਫਾਇਰ ਬ੍ਰਿਗੇਡ ਗੱਡੀਆਂ ਤੇ ਸਥਾਨਕ ਸ਼ਹਿਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਅਤੇ ਸੜੇ ਵਿਅਕਤੀ ਨੂੰ ਬੱਸ ਵਿਚੋਂ ਬਾਹਰ ਕੱਢਿਆ। ਸਮੇਂ ਸਿਰ ਅੱਗ ਬਝਾਉਣ ਦੇ ਯਤਨਾਂ ਕਾਰਨ ਬੱਸ ਅੱਡੇ ਵਿੱਚ ਖੜੀਆਂ ਦਰਜਨ ਹੋਰ ਬੱਸਾਂ ਦਾ ਬਚਾਅ ਹੋ ਗਿਆ। ਸੜੀਆਂ ਬੱਸਾਂ ‘ਚੋਂ 2 ਬੱਸਾਂ ਬਿਲਕੁਲ ਨਵੀਆਂ ਸਨ ਅਤੇ ਇਨ੍ਹਾਂ ਨੇ ਕੱਲ੍ਹ ਤੋਂ ਹੀ ਰੂਟ ‘ਤੇ ਜਾਣਾ ਸ਼ੁਰੂ ਕੀਤਾ ਸੀ। ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ ਡਾ. ਦਰਪਣ ਆਹਲੂਵਾਲੀਆ ਨੇ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਮ੍ਰਿਤਕ ਕੰਡਕਟਰ ਗੁਰਦੇਵ ਸਿੰਘ ਦੀ ਲਾਸ਼ ਪੋਸਟ ਮਾਰਟਮ ਲਈ ਰਾਮਪੁਰਾ ਫੂਲ ਵਿਖੇ ਭੇਜ ਦਿੱਤੀ ਹੈ। ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵੀ ਘਟਨਾ ਸਥਾਨ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਟਰਾਂਸਪੋਰਟਰਾਂ ਤੇ ਮ੍ਰਿਤਕ ਕੰਡਕਟਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਦੀ ਤਰਫੋਂ ਮੱਦਦ ਦਾ ਭਰੋਸਾ ਦਿਵਾਇਆ।