ਮਨੋਜ ਸ਼ਰਮਾ
ਬਠਿੰਡਾ, 24 ਅਕਤੂਬਰ
ਬਠਿੰਡਾ ਅੰਦਰ ਡੇਂਗੂ ਦਾ ਡੰਗ ਬਠਿੰਡਾ ਵਾਸੀਆਂ ਨੂੰ ਤੰਗ ਕਰ ਰਿਹਾ ਹੈ ਤੇ ਸ਼ਹਿਰ ਅੰਦਰ ਮਰੀਜ਼ਾ ਦਾ ਅੰਕੜਾ 1700 ਤੋਂ ਪਾਰ ਪੁੱਜ ਚੁੱਕਾ ਹੈ। ਬਠਿੰਡਾ ਦੀ ਸਰਕਾਰੀ ਬਲੱਡ ਬੈਂਕ ਅੰਦਰ ਖੂਨ ਦੀ ਲੋੜੀਂਦੀ ਮਾਤਰਾ ਹੋਣ ਦੇ ਬਾਵਜੂਦ ਆਖਿਰ ਕਿਉਂ ਸਰਕਾਰੀ ਬਲੱਡ ਬੈਂਕ ਤੋਂ ਡੇਂਗੂ ਦੇ ਮਰੀਜ਼ਾਂ ਲਈ ਸੈੱਲ ਪਲਾਜ਼ਮਾ ਲੈਣ ਤੋਂ ਕੰਨੀ ਕਤਰਾਅ ਰਹੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਬਠਿੰਡਾ ’ਚ ਡੇਂਗੂ ਦਾ ਪ੍ਰਕੋਪ ਜਾਰੀ ਹੈ ਤੇ ਬਠਿੰਡਾ ਬਲੱਡ ਬੈਂਕ ਦੀਆਂ ਸੇਵਾਵਾਂ ਤੋਂ ਲੋਕਾਂ ਦਾ ਵਿਸ਼ਵਾਸ ਉਠ ਗਿਆ ਹੈ। ਜਿਸ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਬੀਤੇ ਇੱਕ ਵਰ੍ਹੇ ਪਹਿਲਾਂ ਸਰਕਾਰੀ ਬਲੱਡ ਬੈਂਕ ਦੇ ਸਟਾਫ਼ ਵੱਲੋਂ ਤਿੰਨ ਬੱਚਿਆਂ ਤੇ ਇੱਕ ਔਰਤ ਨੂੰ ਐੱਚਆਈਵੀ ਬਲੱਡ ਚੜ੍ਹਾ ਦਿੱਤਾ ਗਿਆ ਸੀ, ਜਿਸ ਦਾ ਪ੍ਰਛਾਵਾਂ ਹਾਲੇ ਤੱਕ ਬਲੱਡ ਬੈਂਕ ਦਾ ਪਿੱਛਾ ਨਹੀਂ ਛੱਡ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਬਠਿੰਡਾ ਬਲੱਡ ਬੈਂਕ ਕੋਲ ਮੈਕ ਅਲਾਈਜਾ ਟੈਸਟ ਕਰਨ ਵਾਲੀ ਮਸ਼ੀਨ ਨਹੀਂ ਤੇ ਹਰ ਰੋਜ਼ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਰੂਰਤਮੰਦ ਡੇਂਗੂ ਦੇ ਮਰੀਜ਼ਾਂ ਨੂੰ ਟਾਈਮ ’ਤੇ ਜਾਂ ਰਾਤ ਵੇਲੇ ਸਹੂਲਤ ਨਹੀਂ ਮਿਲਦੀ। ਜਿਸ ਕਾਰਨ ਸ਼ਹਿਰ ਦੇ ਨਿਜੀ ਬਲੱਡ ਬੈਂਕਾਂ ਨੂੰ ਲੁੱਟ ਦਾ ਮੌਕਾ ਮਿਲਿਆ ਹੈ। ਇੱਕ ਹੋਰ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਬੀਤੇ ਕੱਲ੍ਹ ਹੀ ਪਰਵਾਸੀ ਅਖ਼ਤਰ ਹੁਸੈਨ ਤੇ ਬਠਿੰਡਾ ਦੇ ਰਾਜੀਵ ਗੋਇਲ ਨਾਂ ਦੇ ਵਿਅਕਤੀ ਨੂੰ ਸਰਕਾਰੀ ਹਸਪਤਾਲ ਵਾਲੀ ਬਲੱਡ ਬੈਂਕ ਦਾ ਰੁੱਖਾ ਜਵਾਬ ਮਿਲਣ ਕਾਰਨ ਸਾਰਾ ਦਿਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਗੁਰਵਿੰਦਰ ਸ਼ਰਮਾ ਨੇ ਖੁਲਾਸਾ ਕੀਤਾ ਕਿ ਸ਼ਹਿਰ ਦੇ ਜ਼ਿਆਦਾਤਰ ਡੋਨਰ ਡੇਂਗੂ ਤੋਂ ਪੀੜਤ ਹਨ, ਜਿਸ ਕਾਰਨ ਖੂਨ ਨਹੀਂ ਦੇ ਸਕਦੇ ਜਿਨ੍ਹਾਂ ਡੋਨਰਾ ਨੇ ਖੂਨਦਾਨ ਕੀਤਾ ਹੈ ਉਹ ਕੁਝ ਵਕਫੇ ਤੱਕ ਖੂਨ ਦੇ ਸਕਦੇ ਹਨ।
ਬਲੱਡ ਬੈਂਕ ਦਾ ਪੱਖ
ਇਸ ਸਬੰਧੀ ਸ਼ਹੀਦ ਮਨੀ ਸਿੰਘ ਹਸਪਤਾਲ ਦੀ ਬਲੱਡ ਬੈਂਕ ਦੀ ਡਾਕਟਰ ਰੀਤਿਕਾ ਨੇ ਕਿਹਾ ਕਿ ਬਲੱਡ ਬੈਂਕ ਕੋਲ ਡੇਂਗੂ ਮਰੀਜ਼ਾਂ ਲਈ ਲੋੜੀਂਦੀ ਮਾਤਰਾ ’ਚ ਖੂਨ ਦੀਆਂ 224 ਯੂਨਿਟਾਂ ਮੌਜੂਦ ਹਨ ਤੇ ਉਹ ਡੇਂਗੂ ਦੇ 4 ਤੋਂ 5 ਮਰੀਜ਼ਾਂ ਨੂੰ ਐੱਸਡੀਪੀ ਦੇ ਰਹੇ ਹਨ। ਬਠਿੰਡਾ ਬਲੱਡ ਬੈਂਕ ਵਧੀਆਂ ਸੇਵਾਵਾਂ ਦੇ ਰਿਹਾ ਹੈ ਤੇ ਬਲੱਡ ਬੈਂਕ ਅੰਦਰ ਖੂਨ ਦੀ ਕੋਈ ਕਮੀ ਨਹੀਂ।