ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 17 ਅਪਰੈਲ
‘ਹਿੰਦੁਸਤਾਨ ਪੈਟਰੋਲੀਅਮ’ ਵੱਲੋਂ ਅੱਜ ਇੱਥੇ ਸਾਈਕਲ ਰੈਲੀ ਕੱਢੀ ਗਈ। ਰੈਲੀ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਪੈਟਰੋਲੀਅਮ ਪਦਾਰਥਾਂ ਸਬੰਧੀ ਜਾਗਰੂਕ ਕਰਨਾ ਅਤੇ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਬਰਕਰਾਰ ਰੱਖਣਾ ਸੀ। ਇਸ ਮੌਕੇ ਨਗਰ ਨਿਗਮ ਦੇ ਮੇੇਅਰ ਬੀਬੀ ਰਮਨ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਈਕਲ ਰੈਲੀ ਦੀ ਰਸਮੀ ਸ਼ੁਰੂਆਤ ਰਮਨ ਗੋਇਲ, ਹਿੰਦੁਸਤਾਨ ਪੈਟਰੋਲੀਅਮ ਦੇ ਮੁੱਖ ਖੇਤਰੀ ਪ੍ਰਬੰਧਕ ਵਿਨੈ ਕੁਮਾਰ ਅਤੇ ਡੀਐਸਪੀ ਸੰਜੀਵ ਸਿੰਗਲਾ ਦੀ ਅਗਵਾਈ ਵਿਚ ਕੀਤੀ ਗਈ। ਰੈਲੀ ਵਿੱਚ ਲਗਪਗ 550 ਵਿਅਕਤੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਬਠਿੰਡਾ ਸਾਈਕਲਿਸਟ ਗਰੁੱਪ, ਪੈਡਲਰਸ ਸਾਈਕਲ ਕਲੱਬ, ਬਠਿੰਡਾ ਸਾਈਕਲਿਸਟ ਅਤੇ ਰਨਰਜ਼ ਗਰੁੱਪ ਤੋਂ ਇਲਾਵਾ ਆਈਟੀਆਈ ਕਾਲਜ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਗਰੀਨ ਐਨਰਜੀ ਮੁਹਿੰਮ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ ਰੈਲੀ ਸਵੇਰੇ ਸੱਤ ਵਜੇ ਸਥਾਨਕ ਡੀਸੀ ਦਫ਼ਤਰ ਤੋਂ ਸ਼ੁਰੂ ਹੋਈ ਤੇ ਸ਼ਹਿਰ ਦੇ ਬਠਿੰਡਾ ਮਲੋਟ ਬਾਈਪਾਸ ਹੁੰਦੀ ਹੋਈ ਰੈੱਡ ਕਰਾਸ ਵਿੱਚ ਆ ਕੇ ਸਮਾਪਤ ਹੋਈ। ਇਸ ਰੈਲੀ ਨੂੰ ਏਡੀਸੀ ਰਾਜਦੀਪ ਕੌਰ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਾਈਕਲ ਰੈਲੀ ’ਚ 150 ਸਾਇਕਲ ਰਾਇਡਰਾਂ ਨੇ ਹਿੱਸਾ ਲਿਆ। ਇਸ ਮੌਕੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਪਲਾਂਟ ਮੈਨੇਜਰ (ਐਲ.ਪੀ.ਜੀ.) ਜਯੰਤ ਕੁਮਾਰ, ਵਿਪੁਲ ਮਧੂਕਰ ਵਡਨੇਰੇ ਸੇਲਜ਼ ਅਫਸਰ (ਐਲ.ਪੀ.ਜੀ.) ਅਤੇ ਸਤਿਅਮ ਸਿੰਘ ਸੇਲਜ਼ ਅਫਸਰ (ਪ੍ਰਚੂਨ), ਸ਼ਮਿੰਦਰ ਠਾਕੁਰ ਫਾਊਂਡਰ, ਰੋਬਿਨ ਖੇੜਾ ਮੀਤ ਪ੍ਰਧਾਨ, ਸਾਈਕਲ ਰਾਈਡਰ ਕਲੱਬ 19 ਤੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ (ਸ਼ੰਮੀ ਤੇਰੀਆ) ਤੋਂ ਇਲਾਵਾ ਸਿਆਸੀ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।