ਮਨੋਜ ਸ਼ਰਮਾ
ਬਠਿੰਡਾ, 21 ਨਵੰਬਰ
ਬਠਿੰਡਾ ਦੇ ਬੀੜ ਤਲਾਬ ਮਿਨੀ ਚਿੜੀਆ ਘਰ ਵਿਚ ਵੈਟਰਨਰੀ ਡਾਕਟਰ ਤਾਇਨਾਤ ਨਾ ਹੋਣ ਕਾਰਨ ਮਾਦਾ ਤੇਂਦੂਆਂ ਸਣੇ ਹੋਰ ਦੁਰਲੱਭ ਪ੍ਰਜਾਤੀਆਂ ਦੇ ਜਾਨਵਰਾਂ ਨੂੰ ਚਿੜੀਆ ਘਰ ਵਿਚ ਸ਼ਾਮਿਲ ਕਰਵਾਉਣ ਦਾ ਪ੍ਰਾਜੈਕਟ ਪਿਛਲੇ ਤਿੰਨ ਸਾਲ ਤੋਂ ਲਟਕ ਰਿਹਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਮਾਦਾ ਤੇਂਦੂਆਂ ਪਹਿਲਾਂ ਛੱਤਬੀੜ ਚਿੜੀਆ ਘਰ ਅਤੇ ਬਾਅਦ ਵਿਚ ਬਠਿੰਡਾ ਚਿੜੀਆ ਘਰ ਵਿਚ ਪੁੱਜਣਾ ਸੀ। ਸੂਤਰਾਂ ਅਨੁਸਾਰ ਚਿੜੀਆ ਘਰ ਵਿਚਲੇ ਵੈਟਨਰੀ ਹਸਪਤਾਲ ਵਿਚ ਮਾਹਿਰ ਡਾਕਟਰ ਦੀ ਲੰਬੇ ਸਮੇਂ ਤੋਂ ਆਸਾਮੀ ਖਾਲੀ ਹੋਣ ਕਾਰਨ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਮਿਲ ਸਕੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਿੜੀਆ ਘਰ ਦੇ ਅਧਿਕਾਰੀ ਕਰੋਨਾ ਮਹਾਮਾਰੀ ਕਾਰਨ ਇਸ ਪ੍ਰਾਜੈਕਟ ਵਿਚ ਦੇਰੀ ਦਾ ਹਵਾਲਾ ਦਿੰਦੇ ਰਹੇ ਹਨ। ਦੱਸਣਯੋਗ ਹੈ ਕਿ ਚਿੜੀਆ ਘਰ ਵਿਚ ਪਹਿਲਾਂ ਹੀ ਤਿੰਨ ਨਰ ਤੇਂਦੂਏ ਹਨ। ਇੱਥੋਂ ਦੇ ਅਧਿਕਾਰੀਆਂ ਨੇ ਸੂਬੇ ਦੇ ਜੰਗਲੀ ਜੀਵ ਵਿਭਾਗ ਨੂੰ ਪੱਤਰ ਲਿਖ ਕਿ ਇੱਕ ਮਾਦਾ ਤੇਂਦੂਆਂ ਤੇ ਦੁਰਲੱਭ ਪ੍ਰਜਾਤੀ ਦੇ ਹੰਸ ਅਤੇ ਹੋਗ ਡੀਅਰ ਦਾ ਇੱਕ-ਇੱਕ ਜੋੜਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਸੀ ਪਰ ਇਹ ਪ੍ਰਾਜੈਕਟ ਨੇਪਰੇ ਨਹੀਂ ਚੜ੍ਹ ਸਕਿਆ।
ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਦੌਰਾਨ ਮਾਦਾ ਹਿਰਨੀਆਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ ਚਿੜੀਆ ਘਰ ਵਿਚ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਚਿੜੀਆ ਘਰ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਵੈਟਨਰੀ ਹਸਪਤਾਲ ਤਾਂ ਸਥਾਪਿਤ ਕੀਤਾ ਗਿਆ ਸੀ ਪਰ ਡਾਟਕਰ ਤਾਇਨਾਤ ਨਹੀਂ ਕੀਤਾ ਗਿਆ। ਕਿਸੇ ਐਮਰਜੈਂਸੀ ਵਿਚ ਅਧਿਕਾਰੀਆਂ ਨੂੰ ਮਾਹਿਰ ਡਾਕਟਰ ਬਾਹਰ ਤੋਂ ਬੁਲਾਉਣੇ ਪੈਂਦੇ ਹਨ। ਐਮਰਜੈਂਸੀ ਪੁੱਜਣ ਵਾਲੀ ਡਾਕਟਰੀ ਟੀਮ ਕਈ ਵਾਰ ਲੇਟ ਹੋ ਜਾਂਦੀ ਹੈ ਜਿਸ ਕਾਰਨ ਜਾਨਵਰਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪੈਂਦਾ ਹੈ। ਬਠਿੰਡਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇੱਥੇ ਮਾਹਿਰ ਡਾਕਟਰ ਤਾਇਨਾਤ ਕੀਤਾ ਜਾਵੇ। ਚਿੜੀਆ ਘਰ ਵਿਚ 14 ਵੱਖ-ਵੱਖ ਪ੍ਰਜਾਤੀਆਂ ਦੇ 355 ਦੇ ਕਰੀਬ ਜਾਨਵਰ ਹਨ।
ਇਸ ਸਬੰਧੀ ਜੰਗਲਾਤ ਅਫ਼ਸਰ ਸਵਰਨ ਸਿੰਘ ਨੇ ਕਿਹਾ ਕਿ ਛੱਤ ਬੀੜ ਚਿੜੀਆ ਘਰ ਤੋਂ ਮਾਦਾ ਤੇਦੂੰਆ ਇਸ ਚਿੜੀਆ ਘਰ ਨੂੰ ਮਿਲਣਾ ਸੀ ਪਰ ਹਾਲੇ ਤੱਕ ਨਹੀਂ ਮਿਲ ਸਕਿਆ। ਇਸ ਪਿੱਛੇ ਉਨ੍ਹਾਂ ਨੇ ਚਿੜੀਆ ਘਰ ਵਿਚ ਡਾਕਟਰ ਦੀ ਤਾਇਨਾਤ ਨਾ ਹੋਣ ਨੂੰ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਡਾਕਟਰ ਦੀ ਨਿਯੁਕਤੀ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ।