ਸ਼ਗਨ ਕਟਾਰੀਆ
ਬਠਿੰਡਾ, 21 ਮਈ
‘ਫ਼ਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ’ ਨੇ ਅੱਜ ਇੱਥੇ ਟੀਚਰਜ਼ ਹੋਮ ’ਚ ਜ਼ੋਨ ਪੱਧਰੀ ਕਨਵੈਨਸ਼ਨ ਕੀਤੀ। ਕਨਵੈਨਸ਼ਨ ’ਚ ਖੱਬੀ ਸਮਝ ਨੂੰ ਪ੍ਰਣਾਏ ਕਮਿਊਨਿਸਟ ਆਗੂਆਂ ਨੇ ਮੁਸਲਿਮ ਘੱਟ ਗਿਣਤੀ ਫ਼ਿਰਕੇ ਨੂੰ ਗਿਣ-ਮਿਥ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦਿਆਂ ਆਰਐਸਐਸ ਨੂੰ ਨਿਸ਼ਾਨੇ ’ਤੇ ਲਿਆ। ਫ਼ਿਰਕੂ ਆਧਾਰ ’ਤੇ ਦੇਸ਼ ’ਚ ਸਫ਼ਬੰਦੀ ਪੈਦਾ ਹੋਣ ਦੀ ਚਿੰਤਾ ਕਰਦਿਆਂ ਆਗੂਆਂ ਨੇ ਸੰਘੀ ਢਾਂਚੇ ਦੀ ਤਬਾਹੀ ਲਈ ਕੇਂਦਰ ਦੀ ਆਲੋਚਨਾ ਕੀਤੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਅਰਸ਼ੀ, ਆਰਐਮਪੀਆਈ ਦੇ ਸੂਬਾਈ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਇਨਕਲਾਬੀ ਕੇਂਦਰ ਦੇ ਮੁਖਤਿਆਰ ਪੂਹਲਾ, ਸੀਪੀਆਈ (ਐਮ.ਐਲ) ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ ਸਮਰਾ ਤੇ ਸੀਪੀਆਈ (ਐਮ.ਐਲ) ਲਬਿਰੇਸ਼ਨ ਦੇ ਆਗੂ ਰਾਜਵਿੰਦਰ ਰਾਣਾ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਵਿੱਚ ਫ਼ਾਸ਼ੀਵਾਦ ਦੇ ਉਭਾਰ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰੀ ਸੱਤਾ ’ਤੇ ਭਾਜਪਾ ਕਾਬਜ਼ ਹੋਈ ਹੈ, ਉਦੋਂ ਤੋਂ ਮੁਸਲਮਾਨਾਂ, ਇਸਾਈਆਂ ਤੇ ਸਿੱਖਾਂ ਸਣੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦੇ ਧਾਰਮਿਕ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਉੱਤੇ ਯੋਜਨਾਬੱਧ ਹਮਲੇ ਹੋ ਰਹੇ ਹਨ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਵਿੱਚ ਤਾਨਾਸ਼ਾਹੀ ਰਾਜ ਲਾਗੂ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਖਾਸ ਕਰ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਦਰਿਆਈ ਪਾਣੀ ਅਤੇ ਭਾਸ਼ਾਈ ਇਲਾਕਿਆਂ ਦੇ ਮਸਲਿਆਂ ਨੂੰ ਉਲਟਾ ਕੇ, ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਕਨਵੈਨਸ਼ਨ ਵਿੱਚ ਧਾਰਮਿਕ ਘੱਟ ਗਿਣਤੀਆਂ ’ਤੇ ਹਮਲੇ ਬੰਦ ਕਰਨ, ਯੂਏਪੀਏ ਵਰਗੇ ਕਾਲੇ ਕਾਨੂੰਨ ਰੱਦ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਈ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਹੱਲ ਕਰਨ, ਬੀਐਸਐਫ ਦਾ ਘੇਰਾ ਵਧਾਉਣ ਦਾ ਫ਼ੈਸਲਾ ਵਾਪਸ ਲੈਣ ਅਤੇ ਨਹਿਰਾਂ ਵਿੱਚ ਪ੍ਰਦੂਸ਼ਿਤ ਪਾਣੀ ਪਾਉਣਾ ਬੰਦ ਕਰਨ ਦੇ ਮਤੇ ਹੱਥ ਖੜ੍ਹੇ ਕਰ ਕੇ ਪਾਸ ਕੀਤੇ ਗਏ।
ਇਹ ਕਨਵੈਨਸ਼ਨ ਜਗਜੀਤ ਸਿੰਘ ਲਹਿਰਾ, ਲਾਲਚੰਦ ਸਰਦੂਲਗੜ੍ਹ, ਹਰਵਿੰਦਰ ਹੇਮਾ, ਬਲਕਰਨ ਬਰਾੜ ਅਤੇ ਅਮਰਜੀਤ ਹਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਕਨਵੈਨਸ਼ਨ ਵਿੱਚ ਬਠਿੰਡਾ, ਮਾਨਸਾ, ਫ਼ਿਰੋਜ਼ਪੁਰ, ਮੁਕਤਸਰ, ਫ਼ਾਜ਼ਲਿਕਾ, ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।