ਮਨੋਜ ਸ਼ਰਮਾ
ਬਠਿੰਡਾ, 9 ਜੂਨ
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਪੰਜਾਬ ਭਰ ’ਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋਂ ਬਲਾਕ ਦਫ਼ਤਰਾਂ ਅੱਗੇ ਰੋਹ ਭਰਪੂਰ ਮੁਜਾਹਰੇ ਕੀਤੇ ਗਏ। ਅੱਜ ਬਠਿੰਡਾ ਜ਼ਿਲ੍ਹੇ ’ਚ ਵੀ ਬਲਾਕ ਪ੍ਰਾਇਮਰੀ ਦਫ਼ਤਰਾਂ ਬਠਿੰਡਾ, ਭਗਤਾ, ਤਲਵੰਡੀ ਸਾਬੋ, ਰਾਮਪੁਰਾ ਗੋਨਿਆਨਾ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾਕੇ ਕੀਤੀ ਗਈ ਸੀ, ਪਰ ਅੱਜ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਛਿੱਕੇ ਟੰਗ ਕੇ ਹਫਤੇ ਬਾਅਦ ਬਦਲੀਆਂ ਅੱਗੇ ਕਰਨ ਲਈ ਪੱਤਰ ਜਾਰੀ ਕਰ ਰਹੇ ਹਨ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ) ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਭਗਤਾ ਭਾਈ ਅੱਗੇ ਅਧਿਆਪਕਾਂ ਨੇ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ) ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਪੰਜਾਬ ਭਰ ’ਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਦੀ ਨੀਤੀ ਲਾਗੂ ਨਾ ਕਰਨ ਦੇ ਰੋਸ ਵਜੋਂ ਬਲਾਕ ਦਫਤਰਾਂ ਅੱਗੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ਤੇ ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਅੱਜ ਫਾਜ਼ਿਲਕਾ ਜ਼ਿਲ੍ਹੇ ’ਚ ਵੀ ਫਾਜ਼ਿਲਕਾ, ਜਲਾਲਾਬਾਦ, ਅਬੋਹਰ ਤੇ ਖੂਈਆਂ ਸਰਵਰ ਬਲਾਕ ਪ੍ਰਾਇਮਰੀ ਦਫ਼ਤਰਾਂ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਈਟੀਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾ ਕੇ ਕੀਤੀ ਗਈ ਸੀ, ਪਰ ਅੱਜ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਛਿੱਕੇ ਟੰਗ ਕੇ ਹਫਤੇ ਬਆਦ ਬਦਲੀਆਂ ਅੱਗੇ ਕਰਨ ਲਈ ਪੱਤਰ ਜਾਰੀ ਕਰ ਰਹੇ ਹਨ।
ਗਿੱਦੜਬਾਹਾ (ਪੱਤਰ ਪ੍ਰੇਰਕ) ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਪੰਜਾਬ ਭਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋ ਬਲਾਕ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ।
ਬੁਢਲਾਡਾ (ਪੱਤਰ ਪ੍ਰੇਰਕ) ਇੱਥੇ ਅੱਜ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ ਨਿਯੁਕਤੀ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਹਰੇਬਾਜ਼ੀ ਕੀਤੀ ਗਈ।ਇਸ ਮੌਕੇ ਅਧਿਆਪਕ ਬੁਲਾਰਿਆਂ ਦਾ ਕਹਿਣਾ ਸੀ ਕਿ ਸੂਬੇ ਵਿੱਚ ਨੇੜੇ ਆਉਂਦੀਆਂ ਚੋਣਾਂ ਨੂੰ ਵੇਖਦਿਆਂ ਸੱਤਾਧਾਰੀ ਕਾਂਗਰਸ ਸਰਕਾਰ ਲੋਕਾਂ ਦਾ ਧਿਆਨ ਖਿੱਚਣ ਲਈ ਮੈਰਿਟ ਆਧਾਰ ’ਤੇ ਆਨਲਾਈਨ ਅਧਿਆਪਕਾਂ ਦੀਆਂ ਬਿਨਾਂ ਸਿਫ਼ਾਰਸ਼ ਬਦਲੀਆਂ ਕਰਨ ਦੇ ਦਾਅਵੇ ਕਰ ਰਹੀ ਹੈ। ਜਦੋਂਕਿ ਇਹ ਦਾਅਵੇ ਫੋਕੇ ਸਾਬਤ ਹੋ ਰਹੇ ਹਨ।