ਮਨੋਜ ਸ਼ਰਮਾ
ਬਠਿੰਡਾ, 13 ਫਰਵਰੀ
ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਵਸਨੀਕ ਮਹਿੰਦਰ ਕੌਰ, ਜਿਸ ਨੂੰ ਅਦਾਕਾਰਾ ਕੰਗਨਾ ਰਣੌਤ ਨੇ ਸ਼ਾਹੀਨ ਬਾਗ ਧਰਨੇ ਦੀ ਬਿਲਕਿਸ ਬਾਨੋ ਕਰਾਰ ਦਿੱਤਾ ਸੀ, ਨੇ ਬਠਿੰਡਾ ਸ਼ਹਿਰੀ ਹਲਕੇ ਤੋਂ ਸਾਂਝਾ ਸਮਾਜ ਮੋਰਚਾ ਦੇ ਉਮੀਦਵਾਰ ਹਰਮਿਲਾਪ ਗਰੇਵਾਲ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਵੋਟਾਂ ਮੰਗੀਆਂ। ਉਹ ਬਠਿੰਡਾ ਦੇ ਮੁਲਤਾਨੀਆ ਰੋਡ ’ਤੇ ਆਪਣੇ ਇਕ ਰਿਸ਼ਤੇਦਾਰ ਦੇ ਘਰ ਆਪਣੇ ਪਤੀ ਲਾਭ ਸਿੰਘ ਨਾਲ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਐੱਸਐੱਸਐੱਮ ਦੇ ਸਮੂਹ ਉਮੀਦਵਾਰਾਂ ਨਾਲ ਹੈ।
ਮਹਿੰਦਰ ਕੌਰ ਨੇ ਕਿਹਾ, “ਇਹ ਹਰ ਵਰਗ ਦੇ ਲੋਕਾਂ ਦੀ ਏਕਤਾ ਸੀ ਜਿਸ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਜਿੱਤੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਇਆ। ਹੁਣ ਰਾਜਨੀਤਿਕ ਖੇਤਰ ਵਿੱਚ ਤਬਦੀਲੀ ਲਿਆਉਣ ਲਈ ਵੀ ਇਸੇ ਭਾਵਨਾ ਦੀ ਲੋੜ ਹੈ ਅਤੇ ਐੱਸ.ਐੱਸ.ਐੱਮ. ਉਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਦਾ ਬਦਲ ਹੈ ਜੋ ਸਾਲਾਂ ਤੋਂ ਰਾਜ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸ੍ਰੀ ਗਰੇਵਾਲ ਨੇ ਕਿਹਾ, “ਇਹ ਦਿਲ ਨੂੰ ਛੂਹਣ ਵਾਲਾ ਅਤੇ ਉਤਸ਼ਾਹਜਨਕ ਸੰਕੇਤ ਹੈ ਕਿਉਂਕਿ 80 ਸਾਲਾ ਮਹਿੰਦਰ ਕੌਰ ਜਿਸ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਦੌਰਾਨ ਕਿਸਾਨਾਂ ਦੇ ਹੌਸਲੇ ਬੁਲੰਦ ਕੀਤੇ, ਇੱਥੇ ਆਉਣ ਲਈ ਸਮਾਂ ਕੱਢਿਆ ਅਤੇ ਪਾਰਟੀ ਨੂੰ ਸਮਰਥਨ ਦਿੱਤਾ। ਅਸੀਂ ਮਹਿੰਦਰ ਕੌਰ ਦੀ ਇੱਕ ਵਰਚੁਅਲ ਕਾਨਫਰੰਸ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਜਲਦੀ ਹੀ ਐੱਸਐੱਸਐੱਮ ਦੇ ਸਾਰੇ ਉਮੀਦਵਾਰਾਂ ਨਾਲ ਉਨ੍ਹਾਂ ਨੂੰ ਰੂਬਰੂ ਕੀਤਾ ਜਾਵੇਗਾ।”