ਪੱਤਰ ਪ੍ਰੇਰਕ
ਬਠਿੰਡਾ, 20 ਨਵੰਬਰ
ਸਰਹਿੰਦ ਕਨਾਲ ਦੀ ਬਠਿੰਡਾ ਬਰਾਂਚ ਬਿਨਾਂ ਅਗਾਉਂ ਸੂਚਨਾ ਦਿੱਤੇ 28 ਅਕਤੂਬਰ ਤੋਂ ਬੰਦ ਕਰ ਦਿੱਤੇ ਜਾਣ ਕਾਰਨ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੈ। ਇਸ ਸਬੰਧੀ ਅੱਜ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦਾ ਇੱਕ ਵਫ਼ਦ ਡੀਸੀ ਬਠਿੰਡਾ ਨੂੰ ਮਿਲਿਆ ਅਤੇ ਉਨ੍ਹਾਂ ਸਮੱਸਿਆ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਸਭਾ ਦੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਲਈ 10 ਮਿਲੀਅਨ ਲੀਟਰ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਮੰਗ ਹੈ, ਜਿਸ ਨੂੰ ਪੂਰਾ ਕਰਨ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਪਰ ਉਲਟਾ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਗਏ ਹਨ। ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਾਇਆ ਕਿ ਮਿਉਂਸਿਪਲ ਕਾਰਪੋਰੇਸ਼ਨ ਨੇ ਸ਼ਹਿਰ ਲਈ ਪਾਣੀ ਦੇ ਸਟੋਰ ਖਾਤਰ ਜੋ ਡਿੱਗੀਆਂ ਤਾਮੀਰ ਕੀਤੀਆਂ ਹਨ ਉਹ ਲੋਕਾਂ ਦੀ ਲੋੜ ਪੂਰੀ ਕਰਨ ਤੋਂ ਅਸਮਰਥ ਹਨ ਅਤੇ ਉਨ੍ਹਾਂ ਵਿੱਚ ਜਮ੍ਹਾਂ ਹੋਈ ਗਾਰ ਵੀ ਨਹੀਂ ਕੱਢੀ ਜਾ ਰਹੀ। ਪੀਣ ਵਾਲਾ ਪਾਣੀ ਲੋਕਾਂ ਦੀ ਮੁੱਢਲੀ ਲੋੜ ਹੈ। ਸ਼ਹਿਰ ਦੇ ਲਾਇਨੋ ਪਾਰ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਰਹਿੰਦੀ ਹੈ, ਜੋ ਨਹਿਰੀ ਬੰਦੀ ਕਾਰਨ ਹੋਰ ਗੰਭੀਰ ਹੋ ਜਾਂਦੀ ਹੈ।