ਪੱਤਰ ਪ੍ਰੇਰਕ
ਬਠਿੰਡਾ, 10 ਫਰਵਰੀ
ਮਾਲਵਾ ਖੇਤਰ ਵਿਚ ਕੈਂਸਰ ਦੀ ਬਿਮਾਰੀ ਪੀੜਤ ਲੋਕਾਂ ਦੀ ਹੂਕ ਸਿਆਸੀ ਫ਼ਿਜ਼ਾ ਵਿਚ ਗੁਆਚ ਗਈ ਹੈ। ਮਾਲਵੇ ਦੇ ਸ਼ਹਿਰ ਬਠਿੰਡਾ ਵਿਚ ਕੈਂਸਰ ਇੰਸਟੀਚਿਊਟ ਅਤੇ ਏਮਜ਼ ਵਰਗੇ ਹਸਪਤਾਲ ਖੁੱਲ੍ਹਣ ਦੇ ਬਾਵਜੂਦ ਕੈਂਸਰ ਟਰੇਨ ਨੂੰ ਬਰੇਕ ਨਹੀਂ ਲੱਗ ਸਕੀ। ਗੱਲ ਕੀਤੀ ਜਾਵੇ ਤਾਂ ਬਠਿੰਡਾ ਸਿਆਸਤ ਦਾ ਧੁਰਾ ਮੰਨਿਆ ਜਾਂਦਾ ਹੈ ਅਤੇ ਮਾਲਵੇ ਤੇ ਜਿਸ ਤਰੀਕੇ ਨਾਲ ਸੱਤਾ ਹਾਸਲ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਬਾਜ਼ ਅੱਖ ਰੱਖੀ ਗਈ ਹੈ। ਕੈਂਸਰ ਪੀੜਤ ਲੋਕਾਂ ਦੇ ਅੱਲੇ ਜ਼ਖ਼ਮ ਰਾਜਨੀਤਕ ਰੌਲ਼ੇ ਰੱਪੇ ਵਿਚ ਗੁਆਚ ਗਏ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਠੇਵਾਲਾ ਵਿੱਚ ਤਿੰਨ ਸਾਲ ਪਹਿਲਾਂ ਬਲੱਡ ਕੈਂਸਰ ਨਾਲ ਆਪਣੇ ਇਕਲੌਤੇ ਬੱਚੇ ਨੂੰ ਗੁਆਉਣ ਵਾਲੇ ਮਾਪਿਆਂ ਦੀ ਅਸਹਿ ਪੀੜਾ ਦੀ ਕਲਪਨਾ ਕਰਨਾ ਮੁਸ਼ਕਲ ਹੈ। ਹਰਨੂਰ ਦੇ ਪਿਤਾ ਨੇ ਬਠਿੰਡਾ ਅਤੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦਾ ਵੱਡਾ ਖਰਚਾ ਝੱਲਣ ਲਈ ਇੱਕ ਏਕੜ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਉਹ ਆਪਣੇ ਪੁੱਤਰ ਦੀ ਜਾਨ ਨਹੀਂ ਬਚਾ ਸਕੇ। ਬਠਿੰਡਾ ਜ਼ਿਲ੍ਹੇ ਦੇ ਇਸੇ ਪਿੰਡ ਦੇ ਵਸਨੀਕ ਸੁਖਮੰਦਰ ਸਿੰਘ (45) ਨੇ ਕਿਹਾ ਕਿ ਮਹਿੰਗਾ ਇਲਾਜ ਕਰਵਾਉਣ ਦੇ ਬਾਵਜੂਦ ਉਹ 15 ਮਹੀਨੇ ਪਹਿਲਾਂ ਆਪਣੀ ਮਾਂ ਨੂੰ ਬਿਮਾਰੀ ਤੋਂ ਨਹੀਂ ਬਚਾ ਸਕਿਆ।
ਤਲਵੰਡੀ ਸਾਬੋ ਬਲਾਕ ਦੇ ਟੇਲਾਂ ਦੇ ਸਿਰੇ ‘ਤੇ ਵਸੇ ਇਸ ਬਦਨਾਮ ਪਿੰਡ ‘ਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਔਸਤਨ 5 ਤੋਂ 7 ਕੈਂਸਰ ਦੇ ਮਰੀਜ਼ ਇਸ ਜਾਨਲੇਵਾ ਬੀਮਾਰੀ ਨਾਲ ਮਰਦੇ ਹਨ। ਪਿੰਡ ਦੇ ਕਰੀਬ 500 ਪਰਿਵਾਰਾਂ ਵਿੱਚੋਂ 150 ਤੋਂ ਵੱਧ ਇਸ ਬਿਮਾਰੀ ਤੋਂ ਪੀੜਤ ਹਨ। ਸੁਖਮੰਦਰ ਨੇ ਅੱਗੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਚੋਣ ਏਜੰਡੇ ‘ਤੇ ਕੈਸਰ ਸ਼ਬਦ ਹੈ ਹੀ ਨਹੀਂ।
ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ (ਡਬਲਯੂ.ਸੀ.ਸੀ.ਸੀ.ਐਸ.) ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਮੁਫਤ ਅਤੇ ਲੋਕ ਲੁਭਾਉੂ ਵਾਅਦਿਆਂ ਨਾਲ ਭਰਮਾਉਣ ਵਿੱਚ ਰੁੱਝੇ ਹੋਏ ਹਨ, ਜਦੋਂ ਕਿ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਹੈ। ਸਰਕਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੈਂਸਰ ਨੂੰ ਗੰਭੀਰਤਾ ਨਾਲ ਲੈਣ ਲਈ ਯਤਨਾਂ ਅਤੇ ਇੱਛਾ ਸ਼ਕਤੀ ਦੀ ਘਾਟ ਹੈ।