ਪੱਤਰ ਪੇ੍ਰਕ
ਬਠਿੰਡਾ/ਕੋਟ ਫ਼ੱਤਾ, 23 ਅਗਸਤ
ਨਜ਼ਦੀਕੀ ਪਿੰਡ ਕੋਟ ਭਾਰਾ ਕੋਲ ਘੁੰਮਣ ਰਜਵਾਹਾ ਭਾਈ ਬਖ਼ਤੌਰ ਬਰਾਂਚ ’ਚ ਪਿਛਲੇ ਦਹਾਕਿਆਂ ਤੋਂ ਨਹਿਰੀ ਪਾਣੀ ਨਾ ਆਉਣ ’ਤੇ ਬੀਤੇ ਦਿਨੀ ਤਿੰਨ ਪਿੰਡਾਂ ਦੇ ਅੱਕੇ ਹਜ਼ਾਰਾਂ ਕਿਸਾਨਾਂ ਨੇ ਬੰਨ੍ਹ ਮਾਰ ਦਿੱਤਾ ਸੀ। ਕੱਲ ਪਏ ਮੋਹਲੇਧਾਰ ਮੀਂਹ ਬਾਅਦ ਨਹਿਰੀ ਮਹਿਕਮੇ ਲਈ ਇਹ ਬੰਨ੍ਹ ਸਿਰਦਰਦੀ ਬਣ ਗਿਆ।
ਨਹਿਰੀ ਮਹਿਕਮੇ ਵੱਲੋਂ ਜਦੋਂ ਕਿਸਾਨਾਂ ਦੇ ਲਾਏ ਬੰਨ੍ਹ ਨੂੰ ਖੋਲ੍ਹਣ ਦੀਆਂ ਤਿਆਰੀਆਂ ਦੀ ਕਨਸੋਅ ਮਿਲੀ ਤਾਂ ਤਿੰਨਾਂ ਪਿੰਡਾਂ ਕੋਟਭਾਰਾ, ਕੋਟ ਫ਼ੱਤਾ ਤੇ ਰਾਮਗੜ੍ਹ ਭੁੰਦੜ ਦੇ ਕਿਸਾਨ ਪਲਾਂ ਵਿੱਚ ਹੀ ਬੰਨ੍ਹ ਲਾਏ ਮੋਗੇ ਵਾਲੀ ਥਾਂ ’ਤੇ ਪੁੱਜ ਗਏ। ਗੁੱਸੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਮਹਿਕਮੇ ਦੇ ਅਫ਼ਸਰਾਂ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਨਹਿਰੀ ਪਾਣੀ ਦਾ ਬੰਦੋਬਸਤ ਕੀਤੇ ਬਗੈਰ ਜੇ ਕਿਸੇ ਨੇ ਜ਼ਬਰਦਸਤੀ ਬੰਨ੍ਹ ਖੋਲ੍ਹਣ ਲਈ ਗੁੰਡਾਗਰਦੀ ਕੀਤੀ ਤਾਂ ਕਿਸਾਨ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਇਸ ਦੌਰਾਨ ਜੇ ਕੋਈ ਹਿੰਸਾ ਭੜਕਦੀ ਹੈ ਤਾਂ ਉਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਮਹਿਕਮਾ ਜ਼ਿੰਮੇਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਬੀਤੇ 20 ਅਗਸਤ ਨੂੰ ਉਕਤ ਤਿੰਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੇ ਰਜਵਾਹੇ ’ਚ ਬੰਨ੍ਹ ਮਾਰ ਕੇ ਸਰਵ ਸੰਮਤੀ ਨਾਲ ਪਾਸ ਕੀਤੇ ਮਤਿਆਂ ’ਚ ਕਿਹਾ ਸੀ ਕਿ ਬੰਨ੍ਹ ਮਾਰਨ ਨਾਲ ਕਿਸੇ ਵੀ ਕਿਸਮ ਦੇ ਨੁਕਸਾਨ ਲਈ ਨਹਿਰੀ ਮਹਿਕਮੇ ਦੀ ਤਾਨਾਸ਼ਾਹ ਅਫ਼ਸਰਸਾਹੀ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਮੇਵਾਰ ਹੋਣਗੇ। ਇਹ ਵੀ ਦੱਸ ਦੇਈਏ ਕਿ ਇਸ ਬਰਾਂਚ ਦੀ ਟੇਲ ’ਤੇ ਪੈਂਦੇ ਮੋਘਿਆਂ ਦਾ ਪਾਣੀ ਪੂਰਾ ਕਰਨ ਲਈ ਕੋਟਲਾ ਬਰਾਂਚ ਨਹਿਰ ’ਚੋਂ ਪਿੰਡ ਜੋਧਪੁਰ ਕੋਲੋਂ ਕਈ ਕਿਲੋਮੀਟਰ ਵੱਡ ਅਕਾਰੀ ਪਾਈਪ ਵੀ ਪਾਈ ਸੀ, ਜੋ ਕਰੋੜਾਂ ਰੁਪਏ ਦਾ ਪ੍ਰਾਜੈਕਟ ਸੀ ਪਰ ਇਹ ਵੀ ਘੁਟਾਲਿਆਂ ਦੀ ਭੇਟ ਚੜ੍ਹ ਗਿਆ ਜਿਸ ਕਾਰਣ ਨਹਿਰੀ ਪਾਣੀ ਨਾ ਆਉਣ ’ਤੇ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਨਛੱਤਰ ਸਿੰਘ, ਉਗਰਾਹਾਂ ਗਰੁੱਪ ਦੇ ਗੁਰਮੇਲ ਸਿੰਘ ਬਬਲੀ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।