ਪੱਤਰ ਪ੍ਰੇਰਕ
ਬਠਿੰਡਾ, 1 ਜੁਲਾਈ
ਸਥਾਨਕ ਮਿਲਟਰੀ ਸਟੇਸ਼ਨ ਵਿੱਚ ਚੇਤਕ ਕੋਰ ਨੇ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਚੇਤਕ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਜੇ. ਬੀ. ਚੌਧਰੀ ਸਮੇਤ ਹੋਰ ਅਧਿਕਾਰੀਆਂ ਤੇ ਜਵਾਨਾਂ ਨੇ ਸਾਡੇ ਮਹਾਨ ਰਾਸ਼ਟਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਲੜਾਈਆਂ ਲੜਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਚੇਤਕ ਕੋਰ ਦੀ ਸਥਾਪਨਾ 1 ਜੁਲਾਈ, 1979 ਨੂੰ ਬਠਿੰਡਾ ਵਿੱਚ ਲੈਫਟੀਨੈਂਟ ਜਨਰਲ ਐੱਮਐੱਲ ਤੁਲੀ ਦੀ ਕਮਾਂਡ ਹੇਠ ਕੀਤੀ ਗਈ ਸੀ। ਇਸ ਦੁਆਰਾ ਆਪਣੀ ਸ਼ੁਰੂਆਤ ਤੋਂ ਲੈ ਕੇ, ਚੇਤਕ ਕੋਰ ਇੱਕ ਰਣਨੀਤਕ ਅਤੇ ਪ੍ਰਸ਼ਾਸਕੀ ਤੌਰ ’ਤੇ ਪ੍ਰਭਾਵਸ਼ਾਲੀ ਕੋਰ ਵਜੋਂ ਆਪਣੀ ਮੌਜੂਦਾ ਸਥਿਤੀ ਤੱਕ ਪਹੁੰਚਣ ਲਈ ਕਈ ਤਬਦੀਲੀਆਂ ਵਿੱਚੋਂ ਲੰਘਿਆ ਹੈ। ਯੁੱਧ ਦੇ ਬਦਲਦੇ ਢੰਗ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤੀ ਫੌਜ ਦੀ ਤਿਆਰੀ ’ਤੇ ਨਜ਼ਰ ਰੱਖਦਿਆਂ ਚੇਤਕ ਕੋਰ ਹਮੇਸ਼ਾ ਦ੍ਰਿੜ ਰਿਹਾ ਹੈ ਅਤੇ ਨਿਪੁੰਨ ਰਣਨੀਤਕ ਸਮਰੱਥਾ, ਸਖਤ ਮਿਹਨਤ ਅਤੇ ਸਮਰਪਣ ਦੁਆਰਾ ਆਪਣੀ ਸੰਚਾਲਨ ਤਿਆਰੀ ਨੂੰ ਵਧਾਉਣ ’ਤੇ ਕੇਂਦਰਿਤ ਹੈ। ਇਸ ਮੌਕੇ ਕੋਰ ਕਮਾਂਡਰ ਨੇ ਕੋਰ ਦੇ ਸਾਰੇ ਬੈਂਕਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਫੌਜ ਦੀਆਂ ਸਰਵਉੱਚ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।
ਲੈਫਟੀਨੈਂਟ ਜਨਰਲ ਜੇਬੀ ਚੌਧਰੀ ਸਾਰੇ ਰੈਂਕਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਗਰਮੀ ਨਾਲ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਕੋਰ ਆਪਣੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਕੁਰਬਾਨੀ ਅਤੇ ਸੇਵਾ ਲਈ ਹਮੇਸ਼ਾ ਹਰ ਸੰਭਵ ਯਤਨ ਕਰੇਗੀ।