ਬਠਿੰਡਾ (ਮਨੋਜ ਸ਼ਰਮਾ): ਸਹਿਕਾਰੀ ਸਭਾਵਾਂ (ਬਠਿੰਡਾ) ਦੇ ਡਿਪਟੀ ਰਜਿਸਟਰਾਰ ਗੁਰਬੀਰ ਢਿੱਲੋਂ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ 10,000 ਮੀਟਰਿਕ ਟਨ ਡੀਏਪੀ ਖਾਦ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਬਾਕੀ ਖਾਦ ਜਲਦੀ ਹੀ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਾਦ ਵੰਡਣ ਦੀ ਪ੍ਰਕਿਰਿਆ ਜਾਰੀ ਹੈ। ਵਿਭਾਗ ਦੇ ਇਕ ਸੀਨੀਅਰ ਮੈਂਬਰ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਖਾਦ ਦੀ ਜਮ੍ਹਾਂਬੰਦੀ ਕਰ ਰਹੀਆਂ ਹਨ ਜਿਸ ਕਾਰਨ ਮੰਗ ਅਤੇ ਸਪਲਾਈ ਵਿੱਚ ਪਾੜਾ ਵਧ ਗਿਆ ਹੈ। ਇਸੇ ਦੌਰਾਨ ਮਾਲਵਾ ਖੇਤਰ ਦੇ ਕਿਸਾਨ ਡੀਏਪੀ (ਡਾਇਮੋਨੀਅਮ ਫਾਸਫੇਟ) ਖਾਦ ਦੀ ਘਾਟ ਨਾਲ ਜੂਝ ਰਹੇ ਹਨ। ਜ਼ਿਆਦਾਤਰ ਸਹਿਕਾਰੀ ਸਭਾਵਾਂ ਅੰਦਰ ਡੀਏਪੀ ਖਾਦ ਦਾ ਸੋਕਾ ਹੋਣ ਕਰ ਹੋਣ ਕਾਰਨ ਕਿਸਾਨ ਕਣਕ ਦੀ ਬਿਜਾਈ ਸ਼ੁਰੂ ਕਰਨ ਲਈ ਭੱਜ-ਦੌੜ ਕਰ ਰਹੇ ਹਨ। ਦੂਜੇ ਪਾਸੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੁਸਾਇਟੀਆਂ ਵਿੱਚ ਡੀਏਪੀ ਦੀ ਲੋੜੀਂਦੀ ਸਪਲਾਈ ਹੈ ਅਤੇ ਉਹ ਇਸ ਨੂੰ ਪੜਾਅਵਾਰ ਵੰਡ ਰਹੇ ਹਨ। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਪੱਧਰੀ ਨੁਮਾਇੰਦੇ ਨੇ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 193 ਵਿੱਚੋਂ 100 ਤੋਂ ਵੱਧ ਸਹਿਕਾਰੀ ਸਭਾਵਾਂ ਵਿੱਚ ਖਾਦ ਦੀ ਥੁੜ੍ਹ ਚੱਲ ਰਹੀ ਹੈ ਅਤੇ ਲੋਕ ਬਾਜ਼ਾਰਾਂ ਵਿਚੋਂ ਮਹਿੰਗੇ ਭਾਅ ਦੀ ਖਾਦ ਖਰੀਦਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਹੁਣ ਤੱਕ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦਾ ਲਗਭਗ 50 ਫੀਸਦੀ ਹਿੱਸਾ ਵੰਡਿਆ ਜਾ ਸਕਿਆ ਹੈ ਜਦੋਂਕਿ ਕਣਕ ਦੀ ਬਿਜਾਈ ਦਾ ਸੀਜ਼ਨ ਦੋ ਹਫ਼ਤਿਆਂ ਬਾਅਦ ਖ਼ਤਮ ਹੋਣ ਵਾਲਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ ਤਕਰੀਬਨ 30 ਤੋਂ 35 ਫੀਸਦੀ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਜਦਕਿ ਕਿਸਾਨਾਂ ਦਾ ਵੱਡਾ ਵਰਗ ਅਜੇ ਵੀ ਡੀਏਪੀ ਦੀ ਉਡੀਕ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡੀ.ਏ.ਪੀ ਖਾਦ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡੀਏਪੀ ਖਾਦ ਦੇ ਬਦਲ ਵੀ ਹਨ ਜਿਵੇਂ ਕਿ ਐੱਨਪੀਕੇ, ਐੱਸਐੱਸਪੀ (ਸਿੰਗਲ ਸੁਪਰ ਫਾਸਫੇਟ) ਅਤੇ ਐੱਨਪੀ 20:20:0 ਜੋ ਕਿਸਾਨ ਵਰਤ ਸਕਦੇ ਹਨ।