ਮਾਨਸਾ (ਜੋਗਿੰਦਰ ਸਿੰਘ ਮਾਨ): ਐਨਐਚਐਮ ਐਪਲਾਈਜ਼ ਯੂਨੀਅਨ ਵੱਲੋਂ ਸੇਵਾਵਾਂ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ਼ ਮਾਨਸਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ‘ਪੋਲ ਖੋਲ੍ਹ ਪਰਚੇ ਵੰਡ ਮੁਹਿੰਮ’ ਚਲਾਈ ਗਈ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਜਗਦੇਵ ਸਿੰਘ ਮਾਨ ਨੇ ਦੱਸਿਆ ਗਿਆ ਕਿ ਪਰਚੇ ਵੰਡ ਮੁਹਿੰਮ ਤਹਿਤ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਰਚੇ ਖਿਆਲਾ ਕਲਾਂ, ਬੁਢਲਾਡਾ, ਝੁਨੀਰ, ਸਰਦੂਲਗੜ੍ਹ ਅਤੇ ਹੋਰ ਕਈ ਅਹਿਮ ਥਾਵਾਂ ’ਤੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਸਾਰੇ ਸ਼ਹਿਰਾਂ, ਪਿੰਡਾਂ, ਕਸਬਿਆਂ ਦੇ ਘਰਾਂ ਅਤੇ ਬਜਾਰਾਂ ਵਿੱਚ ਪਹੁੰਚ ਕਰਕੇ ਹਰ ਇੱਕ ਵੋਟਰ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਚੋਣਾਂ ਤੋਂ ਪਹਿਲਾਂ 2 ਕਰੋੜ ਪਰਚੇ ਵੰਡਣ ਦਾ ਟਿੱਚਾ ਮਿਥਿਆ ਗਿਆ ਹੈ। ਇਸ ਮੁਹਿੰਮ ਵਿੱਚ ਰਵਿੰਦਰ ਕੁਮਾਰ, ਵਰਿੰਦਰ ਮਹਿਤਾ,ਡਾ.ਵਿਸ਼ਵਜੀਤ ਸਿੰਘ,ਅਮਨਦੀਪ ਸਿੰਘ ਬੁਢਲਾਡਾ, ਡਾ. ਨਿਰਮਲ ਸਿੰਘ, ਬੋਹੜ ਸਿੰਘ, ਰਾਜਵੀਰ ਕੌਰ ਝੁਨੀਰ, ਰਾਜਵੀਰ ਕੌਰ,ਮਿਨਾਕਸ਼ੀ, ਸ਼ਰਨਜੀਤ ਕੌਰ, ਦੀਪ ਸ਼ੀਖਾ, ਰੇਨੂੰ, ਮਨਦੀਪ ਕੁਮਾਰ ਗਰਗ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ।
ਬਠਿੰਡਾ (ਸ਼ਗਨ ਕਟਾਰੀਆ): ਅੰਦੋਲਨਕਾਰੀ ਐਨਐਚਐਮ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਲਾਏ ਹੋਰਡਿੰਗਾਂ ਅੱਗੇ ਖੜ੍ਹ ਕੇ ਅੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੀ ਪੋਲ ਖੋਲ੍ਹਦੇ ਪੈਂਫ਼ਲਿਟ ਰਾਹਗੀਰਾਂ ਨੂੰ ਵੰਡੇ। ਇਸ ਮੌਕੇ ਧਰਨੇ ’ਚ ਸ਼ਾਮਿਲ ਆਮ ਆਦਮੀ ਪਾਰਟੀ ਦੇ ਬਠਿੰਡਾ (ਸ਼ਹਿਰੀ) ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਅਤੇ ਸੀਨੀਅਰ ਆਗੂ ਅੰਮ੍ਰਿਤ ਲਾਲ ਅਗਰਵਾਲ ਨੇ ਸੰਬੋਧਨ ਕਰਦਿਆਂ ਅੰਦੋਲਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ’ਤੇ ਮੁਲਾਜ਼ਮਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।