ਸ਼ਗਨ ਕਟਾਰੀਆ
ਬਠਿੰਡਾ, 11 ਫਰਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਿਚ ਨਗਰ ਨਿਗਮ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਦੌਰਾਨ ਕਿਹਾ ਕਿ ਇਹ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾ ਰਹੀਆਂ ਹਨ ਅਤੇ ਵੋਟਰ ਇਸ ਵਿਚ ਮਿਸਾਲੀ ਫ਼ਤਵਾ ਦੇ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨਗੇ।
ਉਨ੍ਹਾਂ ਕਿਹਾ ਕਿ ਲਾਈਨੋਂ ਪਾਰ ਇਲਾਕੇ ਨੂੰ ਮੁੱਖ ਸ਼ਹਿਰ ਨਾਲ ਜੋੜਨ ਲਈ 95 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਵਾਈ ਪੁਲ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਹ ਨਿਸ਼ਚਿਤ ਸਮੇਂ ’ਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਸ਼ਹਿਰ ’ਚ 16 ਕਰੋੜ ਦੀ ਲਾਗਤ ਨਾਲ ਲੱਗੀਆਂ ਸਟਰੀਟ ਲਾਈਟਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਲਈ ਕੀਤੇ ਜਾ ਰਹੇ ਸਰਕਾਰ ਦੇ ਯਤਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲਾਂ ਦੀਆਂ ਇਮਾਰਤਾਂ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਸਕੂਲਾਂ ਵਿੱਚ ਪੜਨ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮਿਲ ਸਕਣ। ਉਨਾਂ ਕਿਹਾ ਕਿ ਲੋਕਾਈ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ। ਉਨ੍ਹਾਂ ਵਾਰਡ ਨੰ. 18 ਦੇ ਉੂਧਮ ਸਿੰਘ ਨਗਰ ਵਿੱਚ ਬਿਕਰਮ ਕਰਾਂਤੀ, ਵਾਰਡ ਨੰ. 4 ਵਿੱਚ ਸੁਖਦੇਵ ਸਿੰਘ ਸੁੱਖਾ, ਵਾਰਡ ਨੰ. 25 ਵਿੱਚ ਕਮਲਜੀਤ ਕੌਰ, ਵਾਰਡ ਨੰ. 39 ਦੀ ਸੁਰਖਪੀਰ ਰੋਡ ’ਤੇ ਪੁਸ਼ਪਾ ਰਾਣੀ, ਵਾਰਡ ਨੰ. 15 ’ਚ ਸਥਿਤ ਗੁਰੂ ਕੀ ਨਗਰੀ ਵਿੱਚ ਮਨਜੀਤ ਕੌਰ, ਵਾਰਡ ਨੰ. 40 ਦੀ ਲਾਲ ਸਿੰਘ ਬਸਤੀ ਵਿੱਚ ਆਤਮਾ ਸਿੰਘ, ਵਾਰਡ ਨੰ. 20 ਵਿਚਲੀ ਅਮਰਪੁਰਾ ਬਸਤੀ ’ਚ ਹਰਮਨਦੀਪ ਸਿੰਘ ਅਤੇ ਵਾਰਡ ਨੰ. 11 ਦੇ ਸ਼ਾਂਤ ਨਗਰ ਵਿੱਚ ਗੁਰਿੰਦਰ ਕੌਰ ਭੰਗੂ ਦੇ ਪੱਖ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੱਪੜਾ ਮਾਰਕੀਟ ਐਸੋਸੀਏਸ਼ਨ ਨੇ ਵਿੱਤ ਮੰਤਰੀ ਨੂੰ ਵਿਸ਼ਵਾਸ ਦੁਆਇਆ ਕਿ ਉਹ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰੇਗੀ। ਐਸੋਸੀਏਸ਼ਨ ਦੇ ਬਹੁਤ ਸਾਰੇ ਕੰਮ ਕਰਾਉਣ ਲਈ ਮੈਂਬਰਾਂ ਵੱਲੋਂ ਸ੍ਰੀ ਬਾਦਲ ਦਾ ਧੰਨਵਾਦ ਵੀ ਕੀਤਾ ਗਿਆ।