ਸ਼ਗਨ ਕਟਾਰੀਆ
ਬਠਿੰਡਾ, 25 ਸਤੰਬਰ
ਲੋਕ ਮੋਰਚਾ ਪੰਜਾਬ ਦੀ ਇਕਾਈ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸ਼ਹਿਰ ਵਿਚ ਚੇਤਨਾ ਮਾਰਚ ਕੀਤਾ। ਮਾਰਚ ਵਿੱਚ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸਮਝ ਦੀਆਂ ਪਹਿਰੇਦਾਰ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਪੜਾਵਾਂ ’ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਭਗਤ ਸਿੰਘ ਦੀ ਸ਼ਹਾਦਤ ਬਾਰੇ ਵਿਵਾਦ ਪੈਦਾ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਸਪਸ਼ਟ ਕੀਤਾ ਕਿ ਸਹੀ ਅਰਥਾਂ ’ਚ ਭਗਤ ਸਿੰਘ ਆਮ ਲੋਕਾਈ ਦਾ ਝੰਡਾ ਬਰਦਾਰ ਸੀ। ਉਨ੍ਹਾਂ ਦੀ ਸ਼ਹੀਦੀ ’ਤੇ ਕਿੰਤੂ ਕਰਨ ਵਾਲਿਆਂ ਦੇ ਵੱਡ-ਵਡੇਰੇ ਸਾਮਰਾਜੀ ਹਾਕਮਾਂ ਦੇ ਹੱਥਠੋਕੇ ਸਨ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਦਾ ਜਨਮ ਦਿਹਾੜਾ, ਸ਼ਹੀਦਾਂ ਵੱਲੋਂ ਸਾਮਰਾਜ, ਜਗੀਰਦਾਰੀ ਅਤੇ ਸਰਮਾਏਦਾਰੀ ਵਿਰੁੱੱਧ ਇਨਕਲਾਬੀ ਵਿਰਾਸਤ ਬੁਲੰਦ ਕਰਨ ਦਾ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਬੁਲੰਦ ਕੀਤਾ ਇਨਕਲਾਬ ਦਾ ਰਾਹ ਹੀ ਭਾਰਤ ਦੇ ਕਿਰਤੀ ਲੋਕਾਂ ਲਈ ਅਸਲੀ ਆਜ਼ਾਦੀ ਪ੍ਰਾਪਤ ਕਰਨ ਦਾ ਇੱਕੋ ਇੱਕ ਰਾਹ ਹੈ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਫ਼ਿਰਕੂ ਸਿਆਸਤਦਾਨਾਂ ਅਤੇ ਲੇਖਕਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਖ਼ਿਲਾਫ਼ ਝੂਠੀ ਬਿਆਨਬਾਜ਼ੀ ਕਰ ਕੇ ਫ਼ਿਰਕੂ ਸਿਆਸਤ ਲਈ ਜ਼ਮੀਨ ਤਿਆਰ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਹਜ਼ਾਰਾਂ ਭਾਰਤੀ ਲੋਕਾਂ ਦੇ ਕਾਤਲ ਅੰਗਰੇਜ਼ ਸਾਮਰਾਜੀਆਂ ਦੀ ਮਹਾਰਾਣੀ ਦੀ ਮੌਤ ’ਤੇ ਸੋਗ ਸਮਾਗਮ ਕਰ ਕੇ ਸਾਮਰਾਜ ਭਗਤੀ ਅਤੇ ਚਾਕਰੀ ਦੇ ਸਬੂਤ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਨਾਂ ਵਰਤ ਕੇ ਸੱਤਾ ’ਤੇ ਕਾਬਜ਼ ਹੋਈ ‘ਆਪ’ ਵੀ ਜਰਮਨੀ ਜਾ ਕੇ ਸਾਮਰਾਜੀਆਂ ਨੂੰ ਹੋਕਰੇ ਮਾਰ ਰਹੀ ਹੈ ਅਤੇ ਰਜਿੰਦਰ ਗੁਪਤਾ ਵਰਗੇ ਧਨਾਢਾਂ ਨੂੰ ਸਰਕਾਰ ਦਾ ਸਲਾਹਕਾਰ ਲਾ ਕੇ ਸਾਮਰਾਜੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ।
ਇਸ ਮੌਕੇ ਸੁਖਵਿੰਦਰ ਸਿੰਘ, ਜਸਕਰਨ ਸਿੰਘ, ਨਿਰਮਲ ਸਿੰਘ ਸਿਵੀਆਂ ਅਤੇ ਸੁਰਖ਼ਾਬ ਬਠਿੰਡਾ ਨੇ ਵੀ ਸੰਬੋਧਨ ਕੀਤਾ। ਮਾਰਚ ਦੌਰਾਨ ਇਨਕਲਾਬੀ ਗੀਤ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਵੀ ਹੋਈ।
ਨਥਾਣਾ (ਭਗਵਾਨ ਦਾਸ ਗਰਗ): ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਲੜੀ ਵਜੋਂ ਲੋਕ ਮੋਰਚਾ ਪੰਜਾਬ ਵੱਲੋਂ ਇੱਥੇ ਇਕੱਠ ਕਰ ਕੇ ਰੈਲੀ ਕੀਤੀ ਗਈ| ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਰੋਲਣ ਲਈ ਹਾਕਮ ਧੜਿਆਂ ਨੇ ਹਮਲੇ ਤੇਜ਼ ਕੀਤੇ ਹੋਏ ਹਨ| ਲੋਕ ਮੋਰਚਾ ਪੰਜਾਬ ਦੇ ਆਗੂ ਨੇ ਕਿਹਾ ਕਿ ਲੋਕਾਂ ਨੂੰ ਹਕੂਮਤਾਂ ਤੋਂ ਭਲੇ ਦੀ ਆਸ ਛੱਡ ਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਨੁਸਾਰ ਜਨਤਕ ਸੰਘਰਸ਼ ਮਜ਼ਬੂਤ ਕਰਨ ਦੀ ਲੋੜ ਹੈ|
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇੱਥੋਂ ਦੇ ਸੁਤੰਤਰ ਭਵਨ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਪਰਮਜੀਤ ਢਾਬਾਂ ਤੇ ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ। ਇਸ ਦੌਰਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ 28 ਸਤੰਬਰ ਨੂੰ ਜਲੰਧਰ ਦੇ ਦੇਸ਼ ਭਗਤ ਸਿੰਘ ਯਾਦਗਾਰ ਵਿਚ ਹੋਣ ਵਾਲੇ ਵਾਲੰਟੀਅਰ ਸੰਮੇਲਨ ਤੇ ਮਾਰਚ ਵਿੱਚ ਸ਼ਾਮਲ ਹੋਣ ਬਾਰੇ ਚਰਚਾ ਕੀਤੀ ਗਈ।
ਸ਼ਹੀਦ ਦੇ ਅਧੂਰੇ ਸੂਫ਼ਨੇ ਨੂੰ ਪੂਰਾ ਕਰਨ ਸਬੰਧੀ ਚਰਚਾ
ਲੰਬੀ (ਇਕਬਾਲ ਸਿੰਘ ਸ਼ਾਂਤ): ਲੋਕ ਮੋਰਚਾ ਪੰਜਾਬ ਦੇ ਸੂਬਾਈ ਸੱਦੇ ’ਤੇ ਪਿੰਡ ਕਿੱਲਿਆਂਵਾਲੀ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੀਟਿੰਗ ਕੀਤੀ ਗਈ। ਇਸ ਵਿੱਚ ਸ਼ਹੀਦ ਦੀ ਕਲਪਨਾ ਵਾਲੀ ਆਜ਼ਾਦੀ ਦੇ ਅਧੂਰੇ ਕਾਰਜ ਨੂੰ ਪੂਰ ਕਰਨ ’ਤੇ ਚਰਚਾ ਹੋਈ। ਇਸ ਮੌਕੇ ਸਿੰਘੇਵਾਲਾ, ਮਿਠੜੀ, ਭੁੱਲਰਵਾਲਾ, ਘੁਮਿਆਰਾ, ਖੁੱਡੀਆਂ ਤੇ ਹੋਰ ਪਿੰਡਾਂ ਤੋਂ ਕਿਸਾਨ-ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਜਿਲ੍ਹਾ ਸਕੱਤਰ ਗੁਰਦੀਪ ਸਿੰਘ ਖੁੱਡੀਆਂ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਆਖਣ ’ਤੇ ਨਿਖੇਧੀ।