ਸ਼ਗਨ ਕਟਾਰੀਆ
ਬਠਿੰਡਾ, 23 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਬਠਿੰਡਾ (ਸ਼ਹਿਰੀ) ਲਈ ਨਿਯੁਕਤ ਕੀਤੇ ਗਏ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਪਲੇਠੀ ਮੀਟਿੰਗ ਭਰਵੀਂ ਰਹੀ। ਮਨਪ੍ਰੀਤ ਸਿੰਘ ਬਾਦਲ ਨਾਲ ਕਥਿਤ ਮਤਭੇਦਾਂ ਕਾਰਨ ਪਾਰਟੀ ਨੂੰ ਛੱਡਣ ਵਾਲੇ ਕੌਂਸਲਰ ਅਤੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਮੀਟਿੰਗ ’ਚ ਕਾਂਗਰਸ ਨੂੰ ਨਿਸ਼ਾਨੇ ’ਤੇ ਲੈ ਕੇ ਤਿੱਖੀ ਆਲੋਚਨਾ ਕੀਤੀ।
ਇੱਥੋਂ ਦੇ ਪੈਲੇਸ ਵਿੱਚ ਹੋਈ ਮੀਟਿੰਗ ’ਚ ਹਲਕੇ ਦੇ ਵਰਕਰਾਂ ਦਾ ਵੱਡਾ ਇਕੱਠ ਹੋਇਆ। ਸ੍ਰੀ ਗਿੱਲ ਨੇ ਕਿਹਾ ਸ਼ਹਿਰੀ ਵਾਲੰਟੀਅਰਾਂ ਦਾ ਇਕੱਠ ਆਗਾਮੀ ਵਿਧਾਨ ਸਭਾ ਚੋਣਾਂ ’ਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਸਪਸ਼ਟ ਸੰਕੇਤ ਦਿੰਦਾ ਹੈ। ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਘਰ-ਘਰ ਤੱਕ ਲਿਜਾਣ ਲਈ ਪ੍ਰੇਰਦਿਆਂ ਦਿਨ-ਰਾਤ ਇੱਕ ਕਰਕੇ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਦੁਬਾਰਾ ਧੋਖਾ ਦੇਣਾ ਚਾਹੁੰਦੀ ਹੈ।