ਸ਼ਗਨ ਕਟਾਰੀਆ
ਬਠਿੰਡਾ, 23 ਮਾਰਚ
ਬੀਤੀ ਰਾਤ ਜ਼ਿਲ੍ਹੇ ਅੰਦਰ ਦੋ ਪੈਟਰੋਲ ਪੰਪਾਂ ਤੋਂ ਕਥਿਤ ਤੌਰ ’ਤੇ ਹਜ਼ਾਰਾਂ ਦੀ ਨਕਦੀ ਲੁੱਟਣ ਵਾਲੇ ਪੰਜ ਵਿਅਕਤੀਆਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ।
ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਅਨੁਸਾਰ ਬੀਤੀ ਰਾਤ ਢਾਈ ਵਜੇ ਇਕ ਕਾਰ ਪਿੰਡ ਲਹਿਰਾ ਬੇਗਾ ਦੇ ਪੈਟਰੋਲ ਪੰਪ ’ਤੇ ਤੇਲ ਪੁਆਉਣ ਲਈ ਰੁਕੀ। ਡਰਾਈਵਰ ਨੇ ਪੰਪ ਦੇ ਮੁਲਾਜ਼ਮ ਹਰਦਿਆਲ ਸਿੰਘ ਨੂੰ ਪੰਜ ਸੌ ਰੁਪਏ ਦਾ ਤੇਲ ਪਾਉਣ ਲਈ ਕਿਹਾ। ਇਸੇ ਦੌਰਾਨ ਕਾਰ ਤੋਂ ਉਤਰੇ ਇਕ ਹੋਰ ਵਿਅਕਤੀ ਨੇ ਕਰਿੰਦੇ ’ਤੇ ਪਿਸਤੌਲ ਤਾਣ ਦਿੱਤੀ। ਕਾਰ ਵਿਚੋਂ ਉਤਰੇ ਹੋਰਨਾਂ ਵਿਅਕਤੀਆਂ ਨੇ ਕਰਿੰਦੇ ਤੋਂ 20-25 ਹਜ਼ਾਰ ਰੁਪਏ ਦੀ ਨਕਦੀ ਖੋਹੀ ਤੇ ਉਹ ਕਰਿੰਦਿਆਂ ਲਈ ਬਣੇ ਕਮਰੇ ਵਿਚ ਚਲੇ ਗਏ ਤੇ ਉਥੇ ਪਏ ਹੋਰਨਾਂ ਕਰਿੰਦਿਆਂ ਤੋਂ ਚਾਬੀਆਂ ਲੈ ਕੇ ਲਾਕਰ ਵਿਚੋਂ ਢਾਈ ਲੱਖ ਰੁਪਏ ਦੀ ਨਕਦੀ ਲੁੱਟ ਲਈ। ਮੁਲਜ਼ਮਾਂ ਨੇ ਅੰਦਰ ਪਏ ਸਾਮਾਨ ਤੇ ਕੰਪਿਊਟਰ, ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕੀਤੀ ਤੇ ਕਰਿੰਦਿਆਂ ਦੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪਿੰਡ ਕੋਟਸ਼ਮੀਰ ਦੇ ਮੌੜ ਰੋਡ ’ਤੇ ਸਥਿਤ ਗੈਰੀ ਮੋਟਰਜ਼ ਪੈਟਰੋਲ ਪੰਪ ਤੋਂ 55 ਹਜ਼ਾਰ ਦੀ ਨਕਦੀ, 4 ਮੋਬਾਈਲ ਫ਼ੋਨ ਅਤੇ ਦੋ ਚਾਂਦੀ ਦੀਆਂ ਚੇਨਾਂ ਖੋਹੀਆਂ ਤੇ ਫਰਾਰ ਹੋ ਗਏ। ਪੁਲੀਸ ਨੇ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜ ਜਣਿਆਂ ਨੂੰ ਪਿੰਡ ਪੱਕਾਂ ਕਲਾਂ ਦੇ ਵਾਸੀ ਨਿਰੰਜਣ ਸਿੰਘ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਪੜ ਜ਼ਿਲ੍ਹੇ ਦੇ ਪਿੰਡ ਡੂੰਮਛੇੜੀ ਦੇ ਰਜਿੰਦਰ ਸਿੰਘ ਉਰਫ਼ ਸੋਨੂੰ, ਬਠਿੰਡਾ ਦੇ ਸੇਮਾ ਕਲਾਂ ਦੇ ਕੁਲਵਿੰਦਰ ਸਿੰਘ ਉਰਫ਼ ਗੱਗੂ, ਬਠਿੰਡਾ ਦੇ ਨੰਦਗੜ੍ਹ ਪਿੰਡ ਦੇ ਨਰਿੰਦਰ ਸਿੰਘ ਉਰਫ਼ ਰਵੀ, ਬੁਰਜ ਮਾਨਸਾ ਪਿੰਡ ਦੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਅਤੇ ਰਾਮਪੁਰਾ ਫੂਲ ਦੇ ਧਰਮਿੰਦਰ ਸਿੰਘ ਉਰਫ ਧੰਮੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਪਿਸਤੌਲਾਂ, ਚਾਰ ਕਾਰਤੂਸ, ਦੋ ਕਾਪੇ, ਇਕ ਕਿਰਪਾਨ, 95 ਹਜ਼ਾਰ ਰੁਪਏ ਅਤੇ 17 ਮੋਬਾਇਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਚੋਰੀ ਦੇ ਮੋਟਰਸਾਈਕਲਾਂ ਸਮੇਤ 5 ਕਾਬੂ, ਪਿਸਤੌਲ ਬਰਾਮਦ
ਮਾਨਸਾ(ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਮੋਟਰਸਾਈਕਲਾਂ, ਇਕ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਪੁਲੀਸ ਨੇ ਪਿੰਡ ਸਰਦੂਲੇਵਾਲਾ ਵਿੱਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਮਨਦੀਪ ਸਿੰਘ ਉਰਫ ਵਿੱਕੀ ਵਾਸੀ ਕਾਹਨੇਵਾਲਾ, ਸੰਦੀਪ ਸਿੰਘ ਉਰਫ ਰਾਜੂ, ਵਿੱਕੀ ਉਰਫ ਘੋਗਾ, ਸੰਦੀਪ ਸਿੰਘ ਉਰਫ ਸਿੱਧੂ ਵਾਸੀ ਸਰਦੂਲਗੜ੍ਹ ਅਤੇ ਅਨਿੱਤ ਵਾਸੀ ਫੂਸ ਮੰਡੀ ਸਾਰੇ ਜਣੇ ਪੰਜਾਬ ਅਤੇ ਹਰਿਆਣਾ ਵਿੱਚੋਂ ਮੋਟਰਸਾਇਕਲ ਚੋਰੀ ਕਰਕੇ ਅੱਗੇ ਰਾਜਸਥਾਨ ਵਿੱਚ ਵੇਚ ਦਿੰਦੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਸਰਦੂਲੇਵਾਲਾ ਤੋ ਮੀਰਪੁਰ ਖੁਰਦ ਨੂੰ ਜਾਂਦੀ ਲਿੰਕ ਰੋਡ ’ਤੇ ਨਾਕਾਬੰਦੀ ਕੀਤੀ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।