ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 16 ਅਕਤੂਬਰ
ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਵੱਲੋਂ ਸ਼ਹੀਦ ਭਗਤ ਸਿੰਘ, ਦੁਰਗਾ ਭਾਬੀ ਅਤੇ ਮੋਗਾ ਘੋਲ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਜਮਹੂਰੀ ਹੱਕਾਂ ’ਤੇ ਹਮਲੇ ਅਤੇ ਜਨ ਪ੍ਰਤੀਰੋਧ’ ਵਿਸ਼ੇ ’ਤੇ ਇੱਥੇ ਕਨਵੈਨਸ਼ਨ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਮੁੱਖ ਬੁਲਾਰੇ ਨਾਮਵਰ ਜਮਹੂਰੀ ਕਾਰਕੁਨ ਹਿਮਾਂਸ਼ੂ ਕੁਮਾਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਆਏ ਦਿਨ ਲੋਕਾਂ ਦੇ ਜਮਹੂਰੀ ਅਧਿਕਾਰਾਂ ’ਤੇ ਧਾਵੇ ਬੋਲੇ ਜਾ ਰਹੇ ਹਨ। ਆਦਿਵਾਸੀਆਂ ਤੋਂ ਜਲ, ਜੰਗਲ, ਜ਼ਮੀਨ ਖੋਹ ਕੇ ਕਾਰਪੋਰੇਟ ਹਵਾਲੇ ਕੀਤੀ ਜਾ ਰਹੀ ਹੈ ਤਾਂ ਜੋ ਧਰਤੀ ਹੇਠਲੇ ਖਣਿਜ ਪਦਾਰਥਾਂ ਨੂੰ ਲੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਹਕੂਮਤ ਨੇ ਸੰਵਿਧਾਨ ਦੀ ਰਾਖੀ ਲਈ ਬਣਾਈਆਂ ਸੰਵਿਧਾਨਕ ਸੰਸਥਾਵਾਂ ਨੂੰ ਫਾਸ਼ੀਵਾਦ ਦੀ ਜਕੜ ’ਚ ਲੈ ਲਿਆ ਹੈ। ਉਨ੍ਹਾਂ ਗੰਭੀਰ ਦੋਸ਼ ਲਾਏ ਕਿ ਰਿਜ਼ਰਵ ਬੈਂਕ, ਸੀਬੀਆਈ, ਕੈਗ, ਈਡੀ, ਚੋਣ ਕਮਿਸ਼ਨ ਆਦਿ ਆਪਣੇ ਕੰਮਾਂ ਨੂੰ ਸੰਵਿਧਾਨ ਅਨੁਸਾਰ ਕਰਨ ਦੀ ਥਾਂ, ਕੇਂਦਰੀ ਹਾਕਮਾਂ ਦੇ ਹੱਥਾਂ ’ਚ ਖੇਡ ਰਹੇ ਹਨ। ਇੱਥੋਂ ਤੱਕ ਕਿ ਅਦਾਲਤਾਂ ਵੱਲੋਂ ਇਨਸਾਫ਼ ਦੀ ਗੁਹਾਰ ਲਾਉਣ ਵਾਲੇ ਜਮਹੂਰੀ ਅਤੇ ਸਮਾਜਿਕ ਕਾਰਕੁਨਾਂ ’ਤੇ ਮੁਕੱਦਮੇ ਦਰਜ ਕਰਨ ਅਤੇ ਜੁਰਮਾਨਾ ਕਰਨ ਦੇ ਫੈਸਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਸ਼ਹੀਦ ਭਗਤ ਸਿੰਘ, ਦੁਰਗਾ ਭਾਬੀ ਅਤੇ ਸਾਥੀਆਂ ਦੀ ਵਿਰਾਸਤ ਤੇ ਵਿਚਾਰਾਂ ਤੋਂ ਸੇਧ ਲੈਣ ’ਤੇ ਜ਼ੋਰ ਦਿੱਤਾ। ਪ੍ਰਿਤਪਾਲ ਸਿੰਘ, ਐਡਵੋਕੇਟ ਐਨਕੇ ਜੀਤ, ਪ੍ਰਿੰ. ਬੱਗਾ ਸਿੰਘ, ਡਾ. ਅਜੀਤਪਾਲ ਸਿੰਘ ਅਤੇ ਸੁਦੀਪ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸੰਸਥਾ ਦੇ ਮੀਤ ਪ੍ਰਧਾਨ ਪ੍ਰਿੰ. ਰਣਜੀਤ ਸਿੰਘ ਨੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਦੀਪ ਸਿੰਘ ਵੱਲੋਂ ਕੀਤਾ ਗਿਆ।