ਮਨੋਜ ਸ਼ਰਮਾ
ਬਠਿੰਡਾ, 16 ਸਤੰਬਰ
ਕੋਲੇ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਭੱਠਾ ਮਾਲਕਾਂ ਨੂੰ ਬਾਜ਼ਾਰ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇਹ ਗੱਲਾਂ ਅੱਜ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇੱਟ ਭੱਠਾ ਮਾਲਕ ਐਸੋਸ਼ੀਏਸਨ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ ਨੇ ਕਹੀਆਂ। ਉਨ੍ਹਾਂ ਪੰਜਾਬ ਸਰਕਾਰ ਦੀ ਮਾਰੂ ਨੀਤੀਆਂ ਦੀ ਵੀ ਆਲੋਚਨਾ ਕੀਤੀ। ਸ੍ਰੀ ਸੰਧੂ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ ਕੋਲੇ ਦੀ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਇਸ ਨਾਲ ਇੱਟਾਂ ਬਣਾਉਣ ਦੀ ਲਾਗਤ ਮਹਿੰਗੀ ਪੈਣ ਲੱਗੀ ਹੈ ਜਿਸ ਦਾ ਉਨ੍ਹਾਂ ਦੇ ਕਾਰੋਬਾਰ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਭੱਠਾ ਮਾਲਕਾਂ ਨੂੰ ਆਪਣੇ ਕੰਮਕਾਜ ਬੰਦ ਕਰਕੇ ਹੋਰ ਕਾਰੋਬਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਐਸੋਸੀਏਸ਼ਨ ਵੱਲੋਂ ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਭੱਠਾ ਉਦਯੋਗ ਲਗਾਤਾਰ ਸਰਕਾਰ ਦੀ ਅਣਦੇਖੀ ਕਾਰਨ ਪਿਛਲੇ 4 ਸਾਲਾਂ ਤੋਂ ਭੱਠਿਆਂ ਦੀ ਗਿਣਤੀ 3600 ਤੋਂ ਘੱਟ ਕੇ 2600 ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਅੰਦਰ 250 ਇੱਟਾਂ ਦੇ ਭੱਠੇ ਸਨ ਪਰ ਹੁਣ ਇਹ ਗਿਣਤੀ ਘੱਟ ਕੇ 140 ਰਹੀ ਗਈ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਵਰ੍ਹੇ ਸਾਰੇ ਟੈਕਸਾਂ, ਮਾਲ ਭਾੜੇ ਅਤੇ ਹੋਰ ਫੁਟਕਲ ਖਰਚਿਆਂ ਨੂੰ ਛੱਡ ਕਿ 7000 ਤੋਂ 7100 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਕੋਲਾ ਖਰੀਦਦੇ ਸਨ। ਪਰ ਹੁਣ 17500 ਰੁਪਏ ਵਿੱਚ ਕੋਲਾ ਖਰੀਦਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਜੀਐੱਸਟੀ, ਭਾੜੇ ਤੇ ਹੋਰ ਫੁਟਕਲ ਖਰਚਿਆਂ ਨੂੰ ਜੋੜ ਕੇ ਕੋਲੇ ਦੀ ਕੀਮਤ 22,000 ਪ੍ਰਤੀ ਟਨ ਦੇ ਹਿਸਾਬ ਨਾਲ ਪੈ ਰਹੀ ਹੈ। ਉਨ੍ਹਾਂ ਚਿਮਨੀਆਂ ’ਤੇ ਲੱਗੇ ਮਹਿੰਗੇ ਉਪਰਕਣ ਸਮੇਤ ਹੋਰ ਖਰਚਿਆ ਦਾ ਜ਼ਿਕਰ ਵੀ ਕੀਤਾ।