ਸ਼ਗਨ ਕਟਾਰੀਆ
ਬਠਿੰਡਾ, 3 ਮਈ
ਬੀਤੇ 24 ਘੰਟਿਆਂ ਵਿੱਚ ਮਾਲਵਾ ਦੇ ਚਾਰ ਜ਼ਿਲ੍ਹਿਆਂ ਵਿੱਚ ਕਰੋਨਾ ਨਾਲ 23 ਮੌਤਾਂ ਹੋਈਆਂ ਹਨ ਤੇ 1307 ਨਵੇਂ ਕੇਸ ਸਾਹਮਣੇ ਆਏ ਹਨ। ਬਠਿੰਡਾ ਜ਼ਿਲ੍ਹੇ ’ਚ ਕਰੋਨਾ ਕਾਰਨ 13 ਵਿਅਕਤੀਆਂ ਦੀ ਜਾਨ ਗਈ, ਜਦੋਂ ਕਿ 623 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਿ੍ਤਕਾਂ ਵਿਚ ਇਕ 5 ਸਾਲਾ ਬੱਚੀ ਵੀ ਹੈ। ਉਂਜ ਹੁਣ ਤੱਕ ਜ਼ਿਲ੍ਹੇ ਵਿੱਚ 2,30,983 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 22,520 ਕੇਸ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 16,868 ਪੀੜਤ ਸਿਹਤਯਾਬ ਹੋਏ ਹਨ। ਹਾਲ ਦੀ ਘੜੀ ਜ਼ਿਲ੍ਹੇ ਵਿਚ ਕੁੱਲ 5,253 ਕੇਸ ਐਕਟਿਵ ਹਨ। ਜ਼ਿਲ੍ਹੇ ਵਿੱਚ ਮਿ੍ਤਕਾਂ ਦਾ ਕੁਲ ਅੰਕੜਾ 399 ’ਤੇ ਪੁੱਜ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹੇ ਵਿੱਚ ਕਰੋਨਾ ਕਾਰਨ 7 ਜਣਿਆਂ ਦੀ ਮੌਤ ਹੋਈ ਹੈ। ਮਿ੍ਤਕਾਂ ਵਿੱਚ ਦੋ ਮੁਕਤਸਰ ਅਤੇ ਇੱਕ-ਇੱਕ ਵਿਅਕਤੀ ਮਲੋਟ, ਸਿੱਖਾਂਵਾਲਾ, ਭੰਗੇਵਾਲਾ, ਸਰਾਵਾਂ ਬੋਦਲਾ ਅਤੇ ਭਾਗੂ ਦਾ ਸ਼ਾਮਲ ਹੈ। ਜ਼ਿਲ੍ਹੇ ਵਿੱਚ ਕਰੋਨਾ ਨਾਲ 254 ਵਿਅਕਤੀ ਪ੍ਰਭਾਵਿਤ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 7233 ਕਰੋਨਾ ਪਾਜ਼ੇਟਿਵ ਕੇਸ ਸਾਹਮਦੇ ਆਏ ਹਨ, ਜਿਨ੍ਹਾਂ ਵਿੱਚੋਂ 4772 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਅੱਜ 1676 ਲੋਕਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 296 ਪਾਜ਼ੇਟਿਵ ਆਏ ਹਨ। ਮਾਨਸਾ ਵਿੱਚ 2381 ਐਕਟਿਵ ਕੇਸ ਹਨ ਅਤੇ 2 ਜਣਿਆਂ ਦੀ ਮੌਤ ਹੋਈ ਹੈ। ਨਵੇਂ ਕੇਸਾਂ ਵਿੱਚ 95 ਮਾਨਸਾ ਤੋਂ, ਬੁਢਲਾਡਾ ਤੋਂ 83, ਖਿਆਲਾ ਕਲਾਂ 47 ਅਤੇ ਸਰਦੂਲਗੜ੍ਹ ਤੋਂ 71 ਨਵੇਂ ਕੇਸ ਸਾਹਮਣੇ ਆਏ ਹਨ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੋਮਵਾਰ ਨੂੰ ਕਰੋਨਾ ਪੀੜਤ 26 ਵਰ੍ਹਿਆਂ ਦੀ ਇੱਕ ਮੁਟਿਆਰ ਦੀ ਮੌਤ ਹੋ ਗਈ। ਇਹ ਲੜਕੀ ਫ਼ਿਰੋਜਸ਼ਾਹ ਬਲਾਕ ਦੀ ਰਹਿਣ ਵਾਲੀ ਸੀ। ਜ਼ਿਲ੍ਹੇ ਵਿੱਚ ਕਰੋਨਾ ਦੇ 134 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 1234 ਹੋ ਗਈ ਹੈ। ਜ਼ਿਲ੍ਹੇ ਵਿੱਚ ਮਿ੍ਤਕਾਂ ਦਾ ਅੰਕੜਾ 229 ਹੋ ਗਿਆ ਹੈ।
ਕਰੋਨਾ ਨਾਲ ਪਿੰਡ ਚੀਮਾ ਦੇ ਨੌਜਵਾਨ ਦੀ ਮੌਤ
ਟੱਲੇਵਾਲ(ਲਖਵੀਰ ਸਿੰਘ ਚੀਮਾ): ਕਰੋਨਾ ਕਾਰਨ ਪਿੰਡ ਚੀਮਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਪਿੰਡ ਵਿੱਚ ਕਰੋਨਾ ਨਾਲ ਹੋਈ ਪਹਿਲੀ ਮੌਤ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਸਵ. ਅਮਰਜੀਤ ਸਿੰਘ ਮਣਕੂ (46) ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਨਾਲ ਪੀੜ੍ਹਤ ਸੀ ਅਤੇ ਉਹ ਸਾਹ ਲੈਣ ’ਚ ਤਕਲੀਫ਼ ਹੋਣ ਕਰਕੇ ਆਦੇਸ਼ ਹਸਪਤਾਲ ਵਿੱਚ ਦਾਖਲ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।