ਸ਼ਗਨ ਕਟਾਰੀਆ
ਬਠਿੰਡਾ, 5 ਮਈ
ਬੀਤੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਕਰੋਨਾ ਨਾਲ 20 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 691 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 655 ਪ੍ਰਭਾਵਿਤ ਮਰੀਜ਼ ਸਿਹਤਯਾਬ ਹੋ ਕੇ ਘਰੀਂ ਪਰਤ ਗਏ ਹਨ। ਹੁਣ ਤੱਕ ਜ਼ਿਲ੍ਹੇ ’ਚੋਂ ਕੁੱਲ 237652 ਸੈਂਪਲ ਲਏ ਗਏ। ਇਨ੍ਹਾਂ ਵਿੱਚੋਂ 24014 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਵਿੱਚ ਕੁੱਲ 5392 ਕੇਸ ਐਕਟਿਵ ਹਨ ਅਤੇ ਹੁਣ ਤੱਕ 439 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਸ੍ਰੀ ਮੁਕਤਸਰ ਸਾਹਿਬ(ਗੁਰਸੇਵਕ ਸਿੰਘ ਪ੍ਰੀਤ): ਕਰੋਨਾ ਮਹਾਮਾਰੀ ਦੇ ਚੱਲਦਿਆਂ ਮੁਕਤਸਰ ਜ਼ਿਲ੍ਹੇ ਵਿੱਚ ਨੌਂ ਜਣਿਆਂ ਨੇ ਬੀਤੇ 24 ਘੰਟਿਆਂ ਵਿੱਚ ਦਮ ਤੋੜ ਦਿੱਤਾ ਹੈ। ਮਰਨ ਵਾਲਿਆਂ ਵਿਚ 6 ਜਣੇ ਮੁਕਤਸਰ ਦੇ ਰਹਿਣ ਵਾਲੇ ਸਨ। ਜਦੋਂ ਕਿ ਇਕ-ਇਕ ਥਾਂਦੇਵਾਲਾ ਤੇ ਲੱਹੜਵਾਲਾ ਦਾ ਰਹਿਣ ਵਾਲਾ ਸੀ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ 268 ਨਵੇਂ ਕੇਸ ਵੀ ਸਾਹਮਣੇ ਆਏ ਹਨ।
ਮਾਨਸਾ(ਜੋਗਿੰਦਰ ਸਿੰਘ ਮਾਨ): ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 7656 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 5207 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਅੱਜ 1586 ਲੋਕਾਂ ਦੀ ਸੈਂਪਲ ਲਏ ਗਏ ਅਤੇ 338 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹਾਲ ਦੀ ਘੜੀ 2364 ਐਕਟਿਵ ਕੇਸ ਹਨ ਅਤੇ ਬੀਤੇ 24 ਘੰਟਿਆਂ ਵਿੱਚ 3 ਜਣਿਆਂ ਦੀ ਮੌਤ ਹੋਈ ਹੈ।
ਕੋਟਕਪੂਰਾ(ਨਿਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਕਰੋਨਾ ਦੇ ਅੱਜ ਫਰੀਦਕੋਟ ਜ਼ਿਲ੍ਹੇ ਵਿੱਚ 93 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 1330 ਹੋ ਗਈ ਹੈ। 137 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ ਤੇ ਹੁਣ ਤਕ 142 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਐਸਡੀ ਕਾਲਜਾਂ ਵਿੱਚ ਸਟਾਫ਼ ਦੀ ਕਰੋਨਾ ਜਾਂਚ
ਬਰਨਾਲਾ(ਨਿਜੀ ਪੱਤਰ ਪ੍ਰੇਰਕ): ਐੱਸ.ਡੀ. ਕਾਲਜ ਵਿੱਦਿਅਕ ਸੰਸਥਾਵਾਂ ਵਿੱਚ ਸਿਹਤ ਵਿਭਾਗ ਵੱਲੋਂ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਦਾ ਕਰੋਨਾ ਟੈਸਟ ਕੀਤਾ ਗਿਆ। ਕਾਲਜ ਕੈਂਪਸ ਅੰਦਰ ਲਗਾਏ ਗਏ ਇਸ ਵਿਸ਼ੇਸ਼ ਆਰ.ਟੀ.ਪੀ.ਸੀ.ਆਰ ਜਾਂਚ ਕੈਂਪ ਵਿਚ ਐੱਸ.ਡੀ. ਡਿਗਰੀ ਕਾਲਜ, ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਐੱਸ. ਡੀ. ਕਾਲਜ ਆਫ਼ ਫ਼ਾਰਮੇਸੀ, ਐੱਸ.ਡੀ. ਕਾਲਜ ਆਫ਼ ਡੀ. ਫ਼ਾਰਮੇਸੀ, ਉਪ ਵੈਦ ਅਤੇ ਡਾ. ਆਰ. ਪੀ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਲਗਪਗ 150 ਸਟਾਫ਼ ਮੈਂਬਰਾਂ ਦੇ ਸੈਂਪਲ ਲਏ ਗਏ। ਡਿਗਰੀ ਕਾਲਜ ਦੀ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਦੱਸਿਆ ਕਿ ਜਿਸ ਕਿਸੇ ਨੂੰ ਖੰਘ, ਬੁਖਾਰ, ਜੁਕਾਮ ਜਾਂ ਸਾਹ ਲੈਣ ਵਿਚ ਤਕਲੀਫ਼ ਹੋਵੇ ਤਾਂ ਉਸ ਨੂੰ ਬਿਨਾਂ ਕਿਸੇ ਡਰ ਦੇ ਨੇੜੇ ਦੇ ਸਿਹਤ ਕੇਂਦਰ ’ਤੇ ਜਾ ਕੇ ਆਪਣਾ ਕਰੋਨਾ ਟੈਸ ਕਰਵਾਉਣਾ ਚਾਹੀਦਾ ਹੈ।
ਪੁਲੀਸ ਮੁਲਾਜ਼ਮਾਂ ਲਈ ਵੱਖਰਾ ਕੋਵਿਡ ਸੈਂਟਰ ਸਥਾਪਤ
ਮੋਗਾ(ਨਿਜੀ ਪੱਤਰ ਪ੍ਰੇਰਕ): ਕਰੋਨਾ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਮੋਗਾ ਪੁਲੀਸ ਨੇ ਆਪਣੇ ਮੁਲਾਜ਼ਮਾਂ ਲਈ ਸਥਾਨਕ ਸੱਤਿਆ ਸਾਈਂ ਮੁਰਲੀਧਰ ਆਯੁਰੈਵਦਿਕ ਹਸਪਤਾਲ ਅਤੇ ਕਾਲਜ ਵਿਚ ਵੱਖਰਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਰੋਨਾ ਦੇ ਵੱਧ ਰਹੇ ਪ੍ਰਕੋਪ ਕਾਰਨ ਐੱਸਡੀਐਮਜ਼ ਤੇ ਹੋਰ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਸਥਿਤੀ ਨਾਲ ਨਿਪਟਣ ਲਈ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਸਹਿਯੋਗ ਨਾਲ ਬੈੱਡਾਂ ਦੀ ਗਿਣਤੀ 195 ਤੋਂ ਵਧਾ ਕੇ 300 ਕਰ ਲਈ ਗਈ ਹੈ। ਦਵਾਈਆਂ, ਆਕਸੀਜਨ ਦੀ ਘਾਟ ਪੂਰੀ ਕਰਨ ਲਈ ਨਜ਼ਰ ਰੱਖੀ ਜਾ ਰਹੀ ਹੈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ 30 ਬੈੱਡ ਵਾਲਾ ਸੈਂਟਰ ਸਿਰਫ਼ ਪੁਲੀਸ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ 24 ਘੰਟੇ ਡਾਕਟਰ ਤੇ ਹੋਰ ਸਟਾਫ਼ ਮੌਜੂਦ ਰਹੇਗਾ।