ਪੱਤਰ ਪ੍ਰੇਰਕ
ਬਠਿੰਡਾ, 23 ਫਰਵਰੀ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਇੱਕ ਹਫ਼ਤੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਯੋਗ ਲਾਭਪਾਤਰੀ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਵਿੱਚ ਜ਼ਰੂਰੀ ਦਸਤਾਵੇਜ਼ਾਂ ਲੈ ਕੇ ਆਪਣਾ ਈ-ਕਾਰਡ ਬਣਵਾ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਈ-ਕਾਰਡ ਬਣਾਉਣ ਲਈ ਇੱਕ ਸਪੈਸ਼ਲ ਪ੍ਰਚਾਰ ਵੈਨ ਚਲਾਈ ਗਈ ਹੈ, ਜਿਸ ਦੌਰਾਨ ਸ਼ਹਿਰ ਦੇ ਬੇਅੰਤ ਨਗਰ, ਲਾਲ ਸਿੰਘ ਬਸਤੀ, ਪਰਸ ਰਾਮ ਨਗਰ ਅਤੇ ਜਨਤਾ ਨਗਰ ਆਦਿ ਸ਼ਹਿਰੀ ਮੁੱਢਲਾ ਸਿਹਤ ਕੇਂਦਰਾਂ ’ਚ 153 ਈ-ਕਾਰਡ ਬਣਾਏ ਗਏ ਹਨ।
ਬੋਹਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਪ੍ਰਚਾਰ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਸਿਹਤ ਵਿਭਾਗ ਵੱਲੋਂ ਨੇੜਲੇ ਪਿੰਡ ਹਾਕਮਵਾਲਾ ਵਿੱਚ ਇਸ ਯੋਜਨਾ ਬਾਰੇ ਜਾਣਕਾਰੀ ਦੇਣ ਸਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਐੱਲ .ਐੱਚ. ਵੀ .ਪਰਮਜੀਤ ਕੌਰ ਨੇ ਇਕੱਤਰ ਲੋਕਾਂ ਨੂੰ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਟੱਲੇਵਾਲ (ਪੱਤਰ ਪ੍ਰੇਰਕ): ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਪਿੰਡ ਚੀਮਾ ਅਤੇ ਜੋਧਪੁਰ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਾਏ ਗਏ।