ਮਨੋਜ ਸ਼ਰਮਾ
ਬਠਿੰਡਾ, 29 ਮਈ
ਇਥੇ ਸਾਹਿਤ ਅਕਾਦਮੀ ਅਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿੱਚ ਪੁਸਤਕ ਲੋਕ ਅਰਪਣ ਅਤੇ ਗ਼ਜ਼ਲ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲਾਭ ਸਿੰਘ ਖੀਵਾ, ਗੁਰਦੇਵ ਖੋਖਰ, ਜਸਪਾਲ ਮਾਨਖੇੜਾ, ਰਣਬੀਰ ਰਾਣਾ ਅਤੇ ਜਗਮੀਤ ਹਰਫ਼ ਸ਼ਾਮਲ ਸਨ। ਪ੍ਰਧਾਨਗੀ ਮੰਡਲ ਨੇ ਗ਼ਜ਼ਲਗੋ ਰਣਬੀਰ ਰਾਣਾ ਦਾ ਗ਼ਜ਼ਲ ਸੰਗ੍ਰਹਿ ‘ਦਰਦ ਦਾ ਦਰਿਆ’ ਲੋਕ ਅਰਪਣ ਕੀਤਾ। ਗ਼ਜ਼ਲ ਸੰਗ੍ਰਹਿ ਤੇ ਪੇਪਰ ਪੜ੍ਹਦਿਆਂ ਨੌਜਵਾਨ ਆਲੋਚਕ ਜਗਮੀਤ ਹਰਫ਼ ਨੇ ਕਿਹਾ ਕਿ ਉਕਤ ਕਿਤਾਬ ਵਿੱਚ ਵਿਸ਼ਵੀਕਰਨ ਦੇ ਦੌਰ ਦੀਆਂ ਚੁਣੌਤੀਆਂ ਨੂੰ ਤਗ਼ਜ਼ਲੀ ਚੇਤਨਾ ਵਿੱਚ ਉਲੀਕਿਆ ਗਿਆ ਹੈ। ਲੇਖਕ ਦੇ ਸ਼ਿਅਰਾਂ ਵਿੱਚ ਬੌਧਿਕ ਸਚਾਈ ਹੈ। ਲਛਮਣ ਮਲੂਕਾ ਨੇ ਕਿਹਾ ਕਿ ਲੇਖਕ ਨੇ ਆਪਣੀ ਕਿਤਾਬ ਵਿੱਚ ਲੋਕ ਮੁੱਦਿਆਂ ਨੂੰ ਉਠਾਇਆ ਹੈ। ਸਮਾਗਮ ਦੇ ਦੂਜੇ ਪੜਾਅ ਵਿੱਚ ‘ਗ਼ਜ਼ਲ ਦਰਬਾਰ’ ਵਿੱਚ ਅਮਨ ਦਾਤੇਵਾਸੀਆ, ਕੁਲਦੀਪ ਬੰਗੀ, ਮਨਜੀਤ ਬਠਿੰਡਾ , ਅੰਮ੍ਰਿਤਪਾਲ ਬੰਗੇ, ਕੰਵਲਜੀਤ ਕੁਟੀ, ਦਮਜੀਤ ਦਰਸ਼ਨ, ਅਮਰਜੀਤ ਜੀਤ ਦਰਸ਼ਣ ਭੰਮੇ ਅਤੇ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਆਪਣੇ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਸਮਾਗਮ ਦੇ ਆਖਰੀ ਦੌਰ ਵਿੱਚ ਸਾਹਿਤ ਸਭਾ ਦੇ ਅਹੁਦੇਦਾਰਾਂ ਕਾਮਰੇਡ ਜਰਨੈਲ ਸਿੰਘ, ਭੋਲਾ ਸਿੰਘ ਸ਼ਮੀਰੀਆ, ਸੇਵਕ ਸਿੰਘ ਸ਼ਮੀਰੀਆ, ਵਿਕਾਸ ਕੌਂਸਲ, ਧਰਮਪਾਲ, ਨਿਰੰਜਣ ਪ੍ਰੇਮੀ, ਸੁਖਮੰਦਰ ਸਿੰਘ ਭਾਗੀਵਾਂਦਰ, ਨੇ ਸਮੂਹ ਪ੍ਰਧਾਨਗੀ ਮੰਡਲ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ।
ਦਵਿੰਦਰ ਸਤਿਆਰਥੀ ਦੇ ਜਨਮ ਦਿਹਾੜੇ ਮੌਕੇ ਸਮਾਗਮ
ਭਦੌੜ: ਅੱਜ ਇਥੇ ਦਵਿੰਦਰ ਸਤਿਆਰਥੀ ਪੰਜਾਬੀ ਸਾਹਿਤ ਸਭਾ ਭਦੌੜ ਵਲੋਂ ਉਨਾਂ ਦੇ ਜਨਮ ਦਿਨ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਹਿਤਕ ਸਮਾਗਮ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਾਹਿਤਕਾਰ ਸੁਰਜੀਤ ਸਿੰਘ ਸੰਧੂ, ਸੁਰਜੀਤ ਸਿੰਘ ਭਦੌੜ, ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਮੀਤ ਸਿੰਘ ਗੁਰਮ, ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਤਪਾ ਸ਼ਾਮਲ ਹੋਏ।ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਭਦੌੜ ਨੇ ਦਵਿੰਦਰ ਸਤਿਆਰਥੀ ਦੇ ਜੀਵਨ , ਰਚਨਾ ਅਤੇ ਸਾਹਿਤ ਸਫ਼ਰ ਦੀ ਵਿਖਾਇਆ ਕਰਦਿਆਂ ਕਿਹਾ ਕਿ ਉਹ ਪੰਜਾਬੀ ਸਾਹਿਤ ਦੇ ਲੋਕ ਗੀਤਾਂ ਦਾ ਖ਼ਜ਼ਾਨਾ ਸੀ ਜਿਸ ਨੇ ਕਈ ਦਹਾਕਿਆਂ ਦੀ ਤਪੱਸਿਆਂ ਉਪਰੰਤ ਪੰਜਾਬੀ ਲੋਕ ਗੀਤਾਂ ਨੂੰ ਥਾਂ-ਥਾਂ ਜਾ ਕੇ ਇਕੱਠਿਆਂ ਕੀਤਾ ਅਤੇ ਪੰਜਾਬੀ ਲੋਕ ਸਾਹਿਤ ਦੇ ਖਜ਼ਾਨੇ ਨੂੰ ਭਰਪੂਰ ਕੀਤਾ। ਇਸ ਮੌਕੇ ਵੱਖ-ਵੱਖ ਇਲਾਕਿਆਂ ਵਿਚੋਂ ਆਏ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ। -ਪੱਤਰ ਪ੍ਰੇਰਕ