ਮਨੋਜ ਸ਼ਰਮਾ
ਬਠਿੰਡਾ, 4 ਸਤੰਬਰ
ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਚਿਮਨੀਆਂ ਨੂੰ ਢਾਹੁਦਿਆਂ ਦੇਖ ਬਠਿੰਡਾ ਵਾਸੀ ਥਰਮਲ ਦੇ ਵੱਡੇ ਕੂਲਿੰਗ ਪਲਾਂਟ ਨੂੰ ਬਚਾਉਣ ਦੀ ਮੰਗ ਕਰਨ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਹਰ ਸ਼ਹਿਰ ਦੀ ਇੱਕ ਵਿਰਾਸਤੀ ਦਿੱਖ ਹੁੰਦੀ ਹੈ ਜਿਸ ’ਤੇ ਉਹ ਮਾਣ ਕਰਦੇ ਹਨ। ਥਰਮਲ ਪਲਾਂਟ ਬਠਿੰਡਾ ਦਾ ਲੋਕਾਂ ਨੂੰ ਮਾਣ ਸੀ ਜਿਸ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਤੋੜ ਦਿੱਤਾ ਹੈ। ਲੋਕਾਂ ਨੇ ਥਰਮਲ ਦੇ 4 ਵੱਡੇ ਕੂਲਿੰਗ ਪਲਾਂਟਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਬਠਿੰਡਾ ਥਰਮਲ ਦੇ ਇਨ੍ਹਾਂ ਟਾਵਰਾਂ ਨੂੰ ਵਿਰਾਸਤ ਵਜੋਂ ਸੰਭਾਲ ਕੇ ਰੱਖਿਆ ਜਾਵੇ, ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਮਿਲ ਸਕੇ ਕਿ ਇਥੇ ਥਰਮਲ ਪਲਾਂਟ ਹੁੰਦਾ ਸੀ। ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਥਰਮਲ ਦੇ ਟਾਵਰਾਂ ਨੂੰ ਵਿਰਾਸਤ ਵਜੋਂ ਖੋਲ੍ਹਿਆ ਜਾਣਾ ਚਾਹੀਦਾ ਅਤੇ ਇਨ੍ਹਾਂ ਟਾਵਰਾਂ ਨੂੰ ਰੰਗ ਕੇ ਲਿਫ਼ਟ ਵਗੈਰਾ ਲਗਾ ਕੇ ਹੋਟਲ ਕਮ ਰੈਸਤਰਾਂ ਨਾਲ ਸੈਰ ਸਪਾਟਾ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਅਤੇ ਬਠਿੰਡਾ ਥਰਮਲ ਦੀ ਵਿਰਾਸਤ ਵੀ ਕਾਇਮ ਰਹੇਗੀ। ਉਨ੍ਹਾਂ ਡਰੱਗ ਪਾਰਕ ਦੀ ਜਗ੍ਹਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਵਰਗੇ ਵੱਡੇ ਇੰਸਟੀਚਿਊਟ ਖੋਲ੍ਹਣ ਦੀ ਮੰਗ ਰੱਖੀ ਤਾਂ ਕਿ ਪੜ੍ਹਾਈ ਦੇ ਖੇਤਰ ਵਜੋਂ ਮਸ਼ਹੂਰ ਬਠਿੰਡਾ ਹੋਰ ਮੱਲਾਂ ਮਾਰ ਸਕੇ।